– ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਉਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਅੰਗਹੀਣਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ, 11 ਅਪ੍ਰੈਲ (ਵਿਸ਼ਵ ਵਾਰਤਾ) : ਅੰਗਹੀਣਤਾ ਨੂੰ ਸਿਰਫ਼ ਜਾਗਰੂਕਤਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਅੰਗਹੀਣ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੂੰ ਸਮਰੱਥ ਬਣਾਉਣ ਤੋਂ ਬਿਨਾਂ ਅਸੀਂ ਦੇਸ਼ ਦਾ ਸਮੁੱਚਿਤ ਵਿਕਾਸ ਨਹੀਂ ਕਰ ਸਕਦੇ। ਇਹ ਵਿਚਾਰ ਸ੍ਰੀ ਕਮਲੇਸ਼ ਕੁਮਾਰ ਪਾਂਡੇ, ਅੰਗਹੀਣ ਵਿਅਕਤੀਆਂ ਲਈ ਮੁੱਖ ਕਮਿਸ਼ਨਰ, ਭਾਰਤ ਸਰਕਾਰ ਨੇ ਅੱਜ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ ਉਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੇ।
ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅੰਗਹੀਣ ਵਿਅਕਤੀਆਂ ਲਈ ਮੁੱਖ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਪੰਜਾਬ ਦੇ ਦੌਰੇ ’ਤੇ ਆਏ ਹੋਏ ਹਨ। ਜਿਸ ਦੌਰਾਨ ਉਨ੍ਹਾਂ ਵੱਲੋਂ ਰਾਈਟਸ ਫ਼ਾਰ ਪਰਸਨਜ਼ ਵਿੱਦ ਡਿਸਏਬਿਲਿਟੀ ਐਕਟ, 2016 ਦੇ ਲਾਗੂਕਰਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਸਮੀਖਿਆ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ, ਸਿਹਤ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਮਕਾਨ ਦੇ ਸ਼ਹਿਰੀ ਵਿਕਾਸ, ਟਰਾਂਸਪੋਰਟ, ਉਚੇਰੀ ਸਿੱਖਿਆ, ਸਨਅਤ, ਤਕਨੀਕੀ ਸਿੱਖਿਆ, ਪੇਂਡੂ ਵਿਕਾਸ, ਪ੍ਰੋਸਨਲ, ਵਿੱਤ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਵਿਭਾਗਾਂ ਵਿੱਚ ਰਾਈਟਸ ਫ਼ਾਰ ਪਰਸਨਜ਼ ਵਿੱਦ ਡਿਸਏਬਿਲਿਟੀ ਐਕਟ, 2016 ਦੀਆਂ ਮੱਦਾਂ ਦੇ ਅਨੁਸਾਰ ਅੰਗਹੀਣਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ।
ਭਾਰਤ ਵਿੱਚ ਅੰਗਹੀਣਾਂ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਉਂਦਿਆਂ ਸ੍ਰੀ ਕਮਲੇਸ਼ ਕੁਮਾਰ ਪਾਂਡੇ, ਅੰਗਹੀਣ ਵਿਅਕਤੀਆਂ ਲਈ ਮੁੱਖ ਕਮਿਸ਼ਨਰ, ਭਾਰਤ ਸਰਕਾਰ ਨੇ ਦੱਸਿਆ ਕਿ 2011 ਦੀ ਜਨਗਣਨਾ ਮੁਤਾਬਕ ਦੇਸ਼ ਵਿੱਚ 2.86 ਕਰੋੜ ਅੰਗਹੀਣ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਦੇਸ਼ ਸਦੀਆਂ ਤੋਂ ਅੰਗਹੀਣਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਦਾ ਆਇਆ ਹੈ ਪਰ ਫੇਰ ਵੀ ਮੌਜੂਦਾ ਦੌਰ ਵਿੱਚ ਅੰਗਹੀਣਾਂ ਪ੍ਰਤੀ ਸੁਹਿਰਦ ਸੋਚ ਅਪਣਾ ਕੇ ਉਨ੍ਹਾਂ ਨੂੰ ਸਰਕਾਰ ਵਿੱਚ ਬਣਦਾ ਮਾਣ-ਸਨਮਾਨ, ਸਰਕਾਰੀ ਨੌਕਰੀਆਂ ਅਤੇ ਜਨਤਕ ਥਾਵਾਂ ’ਤੇ ਉਨ੍ਹਾਂ ਦੀ ਸਹੂਲਤ ਮੁਤਾਬਕ ਪ੍ਰਬੰਧ ਕਰਕੇ ਹੀ ਅਸੀਂ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆ ਸਕਦੇ ਹਾਂ ਅਤੇ ਦੇਸ਼ ਦਾ ਸਮੂਹਿਕ ਵਿਕਾਸ ਕਰ ਸਕਦੇ ਹਾਂ।
ਅੱਜ ਦੀ ਮੀਟਿੰਗ ਵਿੱਚ ਮੁੱਖ ਤੌਰ ’ਤੇ ਅੰਗਹੀਣ ਵਿਅਕਤੀਆਂ ਲਈ ਡਿਪਟੀ ਕਮਿਸ਼ਨਰ, ਭਾਰਤ ਸਰਕਾਰ ਸ੍ਰੀ ਰਾਕੇਸ਼ ਕੁਮਾਰ ਰਾਏ, ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਸ੍ਰੀ ਕੇ.ਬੀ.ਐਸ. ਸਿੱਧੂ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਏ. ਵੇਨੂੰ ਪ੍ਰਸ਼ਾਦ, ਸਕੱਤਰ ਲੋਕ ਨਿਰਮਾਣ ਸ੍ਰੀ ਹੁਸਨ ਲਾਲ, ਡਾਇਰੈਕਟਰ ਸਮਾਜਿਕ ਸੁਰੱਖਿਆ ਸ੍ਰੀਮਤੀ ਕਵਿਤਾ ਸਿੰਘ, ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ, ਸੰਯੁਕਤ ਵਿਕਾਸ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਤਨੂੰ ਕਸ਼ਯੱਪ, ਡਾਇਰੈਕਟਰ ਸਨਅਤ ਸ੍ਰੀ ਡੀ.ਐਸ. ਖਰਬੰਦਾ, ਵਿਸ਼ੇਸ਼ ਸਕੱਤਰ ਸਿਹਤ ਸ੍ਰੀ ਡੀ. ਸ੍ਰੀਨਿਵਾਸ ਅਤੇ ਹੋਰਨਾਂ ਵਿਭਾਗਾਂ ਦੇ ਉਚ ਅਧਿਕਾਰੀ ਸ਼ਾਮਲ ਸਨ।