ਭਾਰਤ ਬੰਦ ਨੂੰ ਵਪਾਰੀ ਵਰਗ ਵਲੋਂ ਵੱਡਾ ਸਮਰਥਨ, ਸਿਆਸੀ ਅਤੇ ਹੋਰਨਾਂ ਸੰਗਠਨਾਂ ਨੇ ਕੀਤੀ ਹਮਾਇਤ

ਜੈਤੋ,8 ਦਸੰਬਰ (ਰਘੂਨੰਦਨ ਪਰਾਸ਼ਰ) ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਭਾਰਤ ਬੰਦ ਸੱਦੇ ਨੂੰ ਜੈਤੋ ਅਤੇ ਆਲੇ-ਦੁਆਲੇ ਦੇ ਸ਼ਹਿਰਾਂ, ਮੰਡੀਆਂ ਅਤੇ ਕਸਬਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ) ਇਕਾਈ ਜੈਤੋ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਛੱਜੂ ਰਾਮ ਬਾਂਸਲ ਨੇ ਦੱਸਿਆ ਕਿ ਭਾਰਤ ਬੰਦ ਨੂੰ ਲੈਕੇ ਉਪ ਮੰਡਲ ਦੀਆਂ ਸਾਰੀਆਂ ਦੁਕਾਨਾਂ ਦੁਕਾਨਦਾਰਾਂ ਵੱਲੋਂ ਬੰਦ ਰੱਖੀਆਂ ਗਈਆਂ। ਵਪਾਰ ਮੰਡਲ ਦੇ ਪ੍ਰਧਾਨ ਛੱਜੂ ਰਾਮ ਬਾਂਸਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨ ਸੰਗਠਨਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰਕੇ ਨਵੇਂ ਖੇਤੀਬਾੜੀ ਆਰਡੀਨੈਂਸਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਜਾ ਰਿਹਾ ਹੈ ਕਿ ਇਹ ਖੇਤੀਬਾੜੀ ਆਰਡੀਨੈਂਸ ਕਿਸਾਨਾਂ ਦੇ ਹਿੱਤਾਂ ਲਈ ਹੈ। ਵਪਾਰੀ ਨੇਤਾ ਛੱਜੂ ਰਾਮ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਕਿਸਾਨਾਂ ਅਤੇ ਹੋਰਨਾਂ ਵਰਗਾਂ ਨੂੰ ਪਸੰਦ ਨਹੀਂ ਹਨ ਤਾਂ ਫਿਰ ਸਰਕਾਰ ਵੱਲੋਂ ਇਹ ਕਾਨੂੰਨ ਕਿਉਂ ਥੋਪਣ ‘ਤੇ ਅੜੀ ਹੋਈ ਹੈ।ਇਸ ਦੌਰਾਨ ਹੀ ਵੱਖ- ਵੱਖ ਸਿਆਸੀ ਪਾਰਟੀਆਂ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ਵੀ ਭਾਰਤ ਬੰਦ ਦੇ ਸੱਦੇ ਨੂੰ ਆਪਣੀ ਹਮਾਇਤ ਦਿੱਤੀ ਗਈ ਹੈ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਨੂੰ ਆਪਣੇ ਅੜਿਅਲ ਵਤੀਰੇ ਨੂੰ ਛੱਡਣ ਲਈ ਕਿਹਾ ਹੈ। ਇਨ੍ਹਾਂ ਕਾਨੂੰਨਾਂ ਨੂੰ ਲੈਕੇ ਪੰਜਾਬ ਦੇ ਕਿਸਾਨਾਂ ‘ ਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਭਰ ਦੇ ਕਿਸਾਨਾਂ ‘ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਸਰਕਾਰ ਨੂੰ ਇਹ ਕਾਨੂੰਨ ਤੁਰੰਤ ਰੱਦ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਹੇਰਨਾਂ ਵਰਗਾਂ ਦੇ ਲੋਕਾਂ ‘ ਚ ਪਾਇਆ ਜਾ ਰਿਹਾ ਰੋਸ਼ ਖਤਮ ਕਰਨਾ ਚਾਹੀਦਾ ਹੈ।ਕਈ ਥਾਈਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਅਤੇ ਵਿਖਾਵੇ ਕੀਤੇ ਗਏ। ਇਸ ਦੌਰਾਨ ਹੀ ਪ੍ਰਸ਼ਾਸਨ ਨੇ ਭਾਰਤ ਬੰਦ ਦੌਰਾਨ ਸ਼ਾਂਤੀ ਨੂੰ ਯਕੀਨੀ ਬਣਾਏ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕਿਤੇ ਵੀ ਕੋਈ ਮਾੜੀ ਘਟਨਾ ਨਾ ਵਾਪਰੇ।






















