ਭਾਰਤ ਬਨਾਮ ਆਸਟ੍ਰੇਲੀਆ ਪਹਿਲੇ ਟੈਸਟ ਦਾ ਦੂਜਾ ਦਿਨ
ਜਾਣੋ ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ,10ਫਰਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਨਾਗਪੁਰ ਦੇ ਜਾਮਥਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਦਾ ਖੇਡ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਪਹਿਲਾ ਦਿਨ ਭਾਰਤ ਦੇ ਨਾਮ ਰਿਹਾ। ਬੀਤੇ ਦਿਨ ਖੇਡ ਦੀ ਸਮਾਪਤੀ ਤੱਕ ਰੋਹਿਤ ਅਤੇ ਅਸ਼ਵਿਨ ਅਜੇਤੂ ਰਹੇ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ 56 ਅਤੇ ਰਵੀਚੰਦਰਨ ਅਸ਼ਵਿਨ ਜ਼ੀਰੋ ਦੌੜਾਂ ਨਾਲ ਅੱਜ ਆਪਣੀ ਪਾਰੀ ਨੂੰ ਅੱਗੇ ਵਧਾਉਣਗੇ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 63.5 ਓਵਰਾਂ ‘ਚ 177 ਦੌੜਾਂ ‘ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ ਨੇ 5 ਅਤੇ ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੂੰ ਇਕ-ਇਕ ਵਿਕਟ ਮਿਲੀ। ਆਸਟ੍ਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਸਟੀਵ ਸਮਿਥ ਨੇ 37, ਐਲੇਕਸ ਕੈਰੀ ਨੇ 36 ਅਤੇ ਪੀਟਰ ਹੈਂਡਸਕੋਮ ਨੇ 31 ਦੌੜਾਂ ਬਣਾਈਆਂ। 177 ਦੌੜਾਂ ਦੇ ਜਵਾਬ ‘ਚ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ‘ਤੇ 77 ਦੌੜਾਂ ਬਣਾ ਲਈਆਂ ਹਨ। ਭਾਰਤ ਪਹਿਲੀ ਪਾਰੀ ਵਿੱਚ 100 ਦੌੜਾਂ ਪਿੱਛੇ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ 20 ਦੌੜਾਂ ਬਣਾ ਕੇ ਟੌਡ ਮਰਫੀ ਦਾ ਸ਼ਿਕਾਰ ਬਣੇ।