ਭਾਰਤ ਨੇ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ‘ਚ ਦੱਖਣੀ ਕੋਰੀਆ ਨੂੰ ਹਰਾ ਕੇ ਰਚਿਆ ਇਤਿਹਾਸ
ਪਹਿਲੀ ਵਾਰ ਏਸ਼ੀਆ ਕੱਪ ਜਿੱਤ ਕੇ ਚੈਂਪੀਅਨ ਬਣੀ ਭਾਰਤੀ ਟੀਮ
ਚੰਡੀਗੜ੍ਹ,11ਜੂਨ(ਵਿਸ਼ਵ ਵਾਰਤਾ)- ਭਾਰਤੀ ਹਾਕੀ ਟੀਮ ਨੇ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਚਾਰ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਅੱਜ ਖੇਡੇ ਗਏ ਫਾਈਨਲ ਮੈਚ ‘ਚ ਭਾਰਤੀ ਟੀਮ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆ ਕੱਪ ਦੀ ਚੈਂਪੀਅਨ ਬਣ ਗਈ ਹੈ। ਜਾਪਾਨ ਦੇ ਕਾਕਾਮਿਗਹਾਰਾ ਸ਼ਹਿਰ ਵਿੱਚ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਅਤੇ ਦੱਖਣੀ ਕੋਰੀਆ ਪਹਿਲੇ ਹਾਫ ਵਿੱਚ ਬਰਾਬਰ ਰਹੇ। ਦੋਵੇਂ ਟੀਮਾਂ ਨੇ ਪਹਿਲੇ ਹਾਫ ਵਿੱਚ ਇੱਕ-ਇੱਕ ਗੋਲ ਕੀਤਾ। ਭਾਰਤ ਲਈ ਪਹਿਲਾ ਗੋਲ ਅੰਨੂ ਅਤੇ ਦੂਜਾ ਨੀਲਮ ਨੇ ਕੀਤਾ। ਕੋਰੀਆ ਲਈ ਪਾਰਕ ਸੀਓਨ ਨੇ ਇਕਮਾਤਰ ਗੋਲ ਕੀਤਾ।
ਦੱਸ ਦਈਏ ਕਿ ਸੈਮੀਫਾਈਨਲ ‘ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਜੂਨੀਅਰ ਵਿਸ਼ਵ ਕੱਪ ਇਸ ਸਾਲ 29 ਨਵੰਬਰ ਤੋਂ 10 ਦਸੰਬਰ ਤੱਕ ਚਿਲੀ ਵਿੱਚ ਹੋਵੇਗਾ।