ਭਾਰਤ ਨੂੰ ਉਲੰਪਿਕ ਅਤੇ ਵਿਸ਼ਵ ਕੱਪ ਵਿੱਚ ਤਮਗਾ ਜਿਤਵਾਉਣ ਵਾਲੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦਿਹਾਂਤ
ਚੰਡੀਗੜ੍ਹ,28 ਜੂਨ(ਵਿਸ਼ਵ ਵਾਰਤਾ)- ਭਾਰਤ ਲਈ ਓਲੰਪਿਕ ਅਤੇ ਵਿਸ਼ਵ ਕੱਪ ਵਿੱਚ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਅੱਜ ਸਵੇਰੇ ਜਲੰਧਰ ਵਿੱਚ ਦੇਹਾਂਤ ਹੋ ਗਿਆ। ਉਹ 1970 ਦੇ ਦਹਾਕੇ ਵਿੱਚ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਹੇ ਹਨ। ਇਸ ਸਮੇਂ ਉਹਨਾਂ ਦੀ ਉਮਰ ਕਰੀਬ 75 ਸਾਲ ਸੀ। ਦੱਸ ਦਈਏ ਕਿ ਵਰਿੰਦਰ ਸਿੰਘ 1975 ਵਿੱਚ ਕੁਆਲਾਲੰਪੁਰ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਸ ਵੱਕਾਰੀ ਟੂਰਨਾਮੈਂਟ ‘ਚ ਭਾਰਤ ਦਾ ਹੁਣ ਤੱਕ ਦਾ ਇਹ ਇਕਲੌਤਾ ਸੋਨ ਤਗਮਾ ਹੈ। ਭਾਰਤ ਨੇ ਉਦੋਂ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਵਰਿੰਦਰ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ, ਜਿਸ ਨੇ 1972 ਮਿਊਨਿਖ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਅਤੇ 1973 ਵਿੱਚ ਐਮਸਟਰਡਮ ਵਿੱਚ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਵਰਿੰਦਰ ਸਿੰਘ ਦੀ ਟੀਮ ਮੌਜੂਦਗੀ ਵਿੱਚ ਭਾਰਤ ਨੇ 1974 ਅਤੇ 1978 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 1975 ਮਾਂਟਰੀਅਲ ਓਲੰਪਿਕ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਸਨ।