ਭਾਰਤ-ਆਸਟ੍ਰੇਲੀਆ ਟੀ-20 ਮੈਚ ਤੋਂ ਪਹਿਲਾਂ ਮੋਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਛਾਏ ਬੱਦਲ
ਮੋਹਾਲੀ ਸਟੇਡੀਅਮ ਦੇ ਪ੍ਰਬੰਧਕਾਂ ਨੇ ਮੀਂਹ ਨਾਲ ਨਜਿੱਠਣ ਲਈ ਕੀਤੇ ਪੁਖ਼ਤਾ ਪ੍ਰਬੰਧ;ਅੱਧੇ ਘੰਟੇ ਵਿੱਚ ਪਾਣੀ ਬਾਹਰ ਕੱਢਣ ਦਾ ਦਾਅਵਾ
ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ)- ਮੋਹਾਲੀ ਦੇ IS ਬਿੰਦਰਾ ਸਟੇਡੀਅਮ ‘ਚ ਅੱਜ ਸ਼ਾਮ ਨੂੰ ਹੋਣ ਵਾਲਾ ਭਾਰਤ-ਆਸਟ੍ਰੇਲੀਆ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹ ਸਕਦਾ ਹੈ। ਮੋਹਾਲੀ ਦਾ ਅਸਮਾਨ ਸਵੇਰ ਤੋਂ ਹੀ ਕਾਲੇ ਬੱਦਲਾਂ ਨਾਲ ਢੱਕਿਆ ਹੋਇਆ ਹੈ ਅਤੇ ਹਲਕੀ-ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਦੁਪਹਿਰ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਮੋਹਾਲੀ ਸਟੇਡੀਅਮ ‘ਚ ਇੰਨਾ ਵੱਡਾ ਮੈਚ ਰੱਖਿਆ ਗਿਆ ਹੈ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਉਸ ਸਮੇਂ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਮਾਨਸੂਨ ਵਿਦਾਈ ਵੱਲ ਜਾ ਰਿਹਾ ਹੈ ਪਰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ 2-3 ਦਿਨਾਂ ਤੱਕ ਬੱਦਲ ਛਾਏ ਰਹਿਣਗੇ। ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਮੁਹਾਲੀ ਸਟੇਡੀਅਮ ਦੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਮੈਚ ਦੌਰਾਨ ਮੀਂਹ ਪੈਂਦਾ ਹੈ ਤਾਂ ਅੱਧੇ ਘੰਟੇ ਵਿੱਚ ਸਟੇਡੀਅਮ ਸੁੱਕ ਜਾਵੇਗਾ। ਸਟੇਡੀਅਮ ਵਿੱਚੋਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੌਸਮ ਵਿਭਾਗ ਦੇ ਦਾਅਵਿਆਂ ਤੋਂ ਬਾਅਦ ਸਟੇਡੀਅਮ ਪ੍ਰਬੰਧਨ ਪੂਰੀ ਤਰ੍ਹਾਂ ਸੁਚੇਤ ਹੋ ਗਿਆ ਹੈ।
ਅੱਜ ਪਹਿਲਾਂ ਬੱਲੇਬਾਜ਼ੀ ਕਰਨਾ ਫਾਇਦੇਮੰਦ ਰਹੇਗਾ, ਇਸ ਲਈ ਟਾਸ ਅਹਿਮ ਭੂਮਿਕਾ ਨਿਭਾਏਗਾ। ਮੋਹਾਲੀ ਸਟੇਡੀਅਮ ਦੀ ਹਰੀ ਭਰੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋਵੇਗੀ, ਇਸ ਲਈ ਬੱਲੇਬਾਜ਼ਾਂ ਨੂੰ ਸ਼ੁਰੂਆਤੀ ਓਵਰ ਧਿਆਨ ਨਾਲ ਖੇਡਣੇ ਚਾਹੀਦੇ ਹਨ। ਮੈਚ ਦੀ ਪਹਿਲੀ ਪਾਰੀ ਵਿੱਚ ਸਵਿੰਗ ਦੇਖੀ ਜਾ ਸਕਦੀ ਹੈ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਪਿੱਚ ਹੌਲੀ ਹੁੰਦੀ ਜਾਂਦੀ ਹੈ।