ਭਾਰਤ ਅਤੇ ਇੰਗਲੈਂਡ ਵਿਚਕਾਰ ਕ੍ਰਿਕਟ ਮੁਕਾਬਲਿਆਂ ਦੀ ਸ਼ੁਰੂਆਤ ਕੱਲ੍ਹ ਤੋਂ
ਦੋਨਾਂ ਟੀਮਾਂ ਵਿਚਕਾਰ ਚੇਨੱਈ ਵਿਚਕਾਰ ਕੱਲ੍ਹ ਤੋਂ ਹੋਵੇਗਾ ਪਹਿਲਾ ਟੈਸਟ ਮੈਚ
ਚੇਪਕ ਸਟੇਡੀਅਮ ਵਿੱਚ 35 ਸਾਲ ਤੋਂ ਨਹੀਂ ਹਾਰਿਆ ਇੰਗਲੈਂਡ ਤੋਂ ਭਾਰਤ
11 ਮਹੀਨਿਆਂ ਬਾਅਦ ਖੇਡਿਆ ਜਾ ਰਿਹਾ ਹੈ ਭਾਰਤ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਮੈਚ
ਚੇਨੱਈ ਦੇ ਚੇਪਕ ਸਟੇਡੀਅਮ ਵਿੱਚ ਖੇਡੇ ਜਾਣਗੇ ਪਹਿਲੇ ਦੋਨੋਂ ਟੈਸਟ ਮੈਚ
ਕੋਰੋਨਾ ਕਾਰਨ ਪਹਿਲਾ ਟੈਸਟ ਦਰਸ਼ਕਾਂ ਤੋਂ ਬਗੈਰ ਅਤੇ ਦੂਸਰਾ ਦਰਸ਼ਕਾਂ ਵਿਚਕਾਰ ਖੇਡਿਆ ਜਾਵੇਗਾ

ਚੰਡੀਗੜ੍ਹ, 4 ਫਰਵਰੀ(ਵਿਸ਼ਵ ਵਾਰਤਾ ਡੈਸਕ)-ਭਾਰਤ ਅਤੇ ਇੰਗਲੈਂਡ ਵਿਚਕਾਰ ਕ੍ਰਿਕਟ ਮੁਕਾਬਲਿਆਂ ਦੀ ਕੱਲ੍ਹ ਤੋਂ ਚੇਨੱਈ ਦੇ ਚੇਪਕ ਸਟੇਡੀਅਮ ਤੋਂ ਸ਼ੁਰੂਆਤ ਹੋ ਰਹੀ ਹੈ। ਭਾਰਤ ਵਿੱਚ 10 ਮਹੀਨੇ 26 ਦਿਨਾਂ ਬਾਅਦ ਖੇਡੇ ਜਾ ਰਹੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਦੀ ਸ਼ੁਰੂਆਤ ਦੋਨਾਂ ਦੇਸ਼ਾਂ ਵਿਚਕਾਰ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਨਾਲ ਹੋਵੇਗੀ। ਦੋਨੋਂ ਟੀਮਾਂ ਆਪਣੇ-ਆਪਣੇ ਵਿਦੇਸ਼ੀ ਟੂਰਾਂ ਤੋਂ ਮਿਲੀਆਂ ਜਿੱਤਾਂ ਤੋਂ ਬਾਅਦ ਪੂਰੇ ਹੋਂਸਲੇ ਅਤੇ ਜੋਸ਼ ਵਿੱਚ ਹਨ। ਭਾਰਤ ਦੀ ਟੀਮ ਆਸਟ੍ਰੇਲੀਆ ਤੋਂ ਅਤੇ ਇੰਗਲੈਂਡ ਦੀ ਟੀਮ ਸ਼੍ਰੀ ਲੰਕਾ ਤੋਂ ਜਿੱਤ ਕੇ ਆਹਮੋ-ਸਾਹਮਣੇ ਹਨ। ਬੇਸ਼ੱਕ ਇੰਗਲੈਂਡ ਦੀ ਟੀਮ ਟੈਸਟ ਕ੍ਰਿਕਟ ਮੁਕਾਬਲਿਆਂ ਵਿੱਚ ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਪਰੰਤੂ ਚੇਨੱਈ ਦੇ ਚੇਪਕ ਸਟੇਡੀਅਮ ਵਿੱਚ ਪਿਛਲੇ 35 ਸਾਲਾਂ ਤੋਂ ਭਾਰਤ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕੀ ਹੈ।ਚੇਪਕ ਸਟੇਡੀਅਮ ਨੇ ਹਮੇਸ਼ਾਂ ਭਾਰਤ ਦਾ ਹੀ ਸਾਥ ਦਿੱਤਾ ਹੈ। ਦੇਸ਼ ਦੇ ਲੋਕਾਂ ਨੂੰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਨੋਜਵਾਨ ਖਿਡਾਰੀ ਨਾਲ ਭਰੀ ਟੀਮ ਤੋਂ ਕਾਫੀ ਉਮੀਦਾਂ ਹਨ।






















