– ਮਾਨਸਾ ਦੀ ਅਦਾਲਤ ਵੱਲੋਂ ਦੋਸ਼ੀ ਨੂੰ 50 ਹਜਾਰ ਰੁਪਏ ਜੁਰਮਾਨਾ
ਮਾਨਸਾ, 7 ਅਗਸਤ (ਵਿਸ਼ਵ ਵਾਰਤਾ)- ਸ਼ਹਿਰ ਬੁਢਲਾਡਾ ਵਿਖੇ ਮਾਸੀ ਕੋਲ ਰਹਿਣ ਆਈ ਨਾਬਾਲਿਗ ਭਾਣਜੀ ਨਾਲ ਮਾਸੜ ਵੱਲੋਂ ਜ਼ਬਰ-ਜਨਾਹ ਕਰਨ ਦੇ ਦੋਸ਼ ਹੇਠ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇਕ ਵੱਖਰੇ ਕੇਸ ਵਿਚ ਇਸੇ ਅਦਾਲਤ ਵੱਲੋਂ ਕੁਝ ਦਿਨ ਪਹਿਲਾਂ ਜ਼ਬਰ—ਜਨਾਹ ਦੇ ਦੋਸ਼ੀ ਇਕ ਮਾਮੇ ਨੂੰ ਫਾਂਸੀ ਦੀ ਸਜ਼ਾ ਸੁਣਾ ਚੁੱਕੀ ਹੈ।
ਜਾਣਕਾਰੀ ਅਨੁਸਾਰ ਹਿਸਾਰ ਦੇ ਬਰਬਾਲਾ ਦੀ ਰਹਿਣ ਵਾਲੀ ਨੌਵੀਂ ਜਮਾਤ ਵਿਚ ਪੜ੍ਹਣ ਵਾਲੀ ਬੱਚੀ ਛੁੱਟੀਆਂ ਦੌਰਾਨ ਆਪਣੀ ਮਾਸੀ ਕੋਲ ਬੁਢਲਾਡਾ ਵਿਖੇ ਆਈ ਹੋਈ ਸੀ। ਇਸ ਦੌਰਾਨ ਜਦ ਰਾਤ ਵੇਲੇ ਘਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ ਤਾਂ ਮਾਸੜ ਇਸ ਨਾਬਾਲਿਗ ਬੱਚੀ ਨੂੰ ਚੁੱਕ ਕੇ ਦੂਸਰੇ ਕਮਰੇ ਵਿਚ ਲੈ ਗਿਆ ਅਤੇ ਉਥੇ ਉਸ ਨਾਲ ਜ਼ਬਰ—ਜਨਾਹ ਕੀਤਾ। ਰੌਲਾ ਪੈਣ ’ਤੇ ਮਾਸੜ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ। ਬੁਢਲਾਡਾ ਪੁਲੀਸ ਨੇ ਭਾਣਜੀ ਨਾਲ ਜ਼ਬਰ—ਜਿਨਾਹ ਕਰਨ ਦੇ ਦੋਸ਼ ਹੇਠ ਮਾਸੜ ਸੰਜੇ ਸਲੂਜਾ ਦੇ ਖਿਲਾਫ਼ 30 ਮਾਰਚ 2016 ਨੂੰ ਜ਼ਬਰ—ਜਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦਾ ਫੈਸਲਾ ਸੁਣਾਉਦਿਆਂ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਨੇ ਵਕੀਲ ਜਸਵੰਤ ਸਿੰਘ ਗਰੇਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਮਾਸੜ ਸੰਜੇ ਸਲੂਜਾ ਨੂੰ ਜ਼ਬਰ ਜਿਨਾਹ ਦੇ ਦੋਸ਼ ਹੇਠ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ ਇੱਕ ਸਾਲ ਦੀ ਹੋਰ ਸਜ਼ਾ ਕੱਟਣੀ ਪਵੇਗੀ। ਅਦਾਲਤ ਨੇ ਪੀੜਤ ਬੱਚੀ ਲਈ ਸਰਕਾਰ ਨੂੰ ਵੀ ਯੋਗ ਸਹਾਇਤਾ ਤੇ ਮੁਆਵਜ਼ਾ ਦੇਣ ਦੇ ਆਦੇਸ਼ ਕੀਤੇ ਹਨ।