ਭਾਜਪਾ ਨੇ ਗੁਜਰਾਤ ਵਿੱਚ ਪ੍ਰਾਪਤ ਕੀਤੀ ਇਤਿਹਾਸਕ ਜਿੱਤ,ਕਾਂਗਰਸ ਦਾ ਰਿਕਾਰਡ ਤੋੜਿਆ 12 ਦਸੰਬਰ ਨੂੰ ਮੁੱਖ ਮੰਤਰੀ ਦੀ ਸਹੁੰ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਗੁਜਰਾਤ ਵਿੱਚ ਭਾਜਪਾ ਨੇ 157 ਸੀਟਾਂ ਨਾਲ ਜਿੱਤ ਹਾਸਿਲ ਕਰ ਲਈ ਹੈ। ਇਸ ਦੇ ਨਾਲ ਹੀ ਭਾਜਪਾ ਨੇ ਜਿੱਤ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ 1985 ਵਿੱਚ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿੱਚ 149 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ, 2002 ਦੀਆਂ ਚੋਣਾਂ ਵਿੱਚ ਜਦੋਂ ਮੋਦੀ ਮੁੱਖ ਮੰਤਰੀ ਸਨ ਤਾਂ ਭਾਜਪਾ ਨੇ 127 ਸੀਟਾਂ ਜਿੱਤੀਆਂ ਸਨ। ਇਸ ਜਿੱਤ ਨਾਲ ਭਾਜਪਾ ਨੇ ਦੋਵੇਂ ਰਿਕਾਰਡ ਤੋੜ ਦਿੱਤੇ ਹਨ।
ਇਸ ਇਤਿਹਾਸਕ ਜਿੱਤ ਤੋਂ ਬਾਅਦ 12 ਦਸੰਬਰ ਨੂੰ ਗਾਂਧੀਨਗਰ ‘ਚ ਵਿਧਾਨ ਸਭਾ ਦੇ ਪਿੱਛੇ ਹੈਲੀਪੈਡ ਮੈਦਾਨ ‘ਤੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਜਾਵੇਗੀ। ਦਿਲਚਸਪ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਪੀਐਮ ਮੋਦੀ ਨੇ ਕਿਹਾ ਸੀ-ਭੁਪੇਂਦਰ ਨਰਿੰਦਰ ਦਾ ਰਿਕਾਰਡ ਤੋੜ ਦੇਣਗੇ। ਇਹੋ ਗੱਲ ਚੋਣ ਨਤੀਜਿਆਂ ਵਿੱਚ ਨਜ਼ਰ ਆ ਰਹੀ ਹੈ। ਭਾਜਪਾ ਸਮਰਥਕ ਜਸ਼ਨ ਮਨਾ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਸਿਰਫ 16 ਸੀਟਾਂ ਹੀ ਹਾਸਿਲ ਕਰ ਸਕੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ 5 ਅਤੇ 4 ਸੀਟਾਂ ਆਜਾਦ ਅਤੇ ਹੋਰਨਾਂ ਨੇ ਜਿੱਤੀਆਂ।























