ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ਼ 43 ਥਾਂਵਾਂ ‘ਤੇ ਧਰਨੇ ਪੰਜਾਬ ਵਿੱਚ ਵੀ ਦਿਨੇ ਰਾਤ ਜਾਰੀ
ਚੰਡੀਗੜ੍ਹ 4 ਜਨਵਰੀ( ਵਿਸ਼ਵ ਵਾਰਤਾ ) ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ਼ 43 ਥਾਂਵਾਂ ਤੇ ਦਿਨ ਰਾਤ ਦੇ ਧਰਨੇ ਠੰਢ ਅਤੇ ਮੀਂਹ ਦੇ ਬਾਵਜੂਦ ਅੱਜ ਵੀ ਪੰਜਾਬ ਵਿੱਚ ਜਾਰੀ ਰਹੇ। ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੁਖਜੀਤ ਸਿੰਘ ਕੋਠਾਗੁਰੂ, ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਸਰੋਜ ਦਿਆਲਪੁਰਾ, ਸੁਨੀਲ ਕੁਮਾਰ ਭੋਡੀਪੁਰ ਅਤੇ ਚਮਕੌਰ ਸਿੰਘ ਨੈਣੇਵਾਲ ਤੋਂ ਇਲਾਵਾ ਹਰਪ੍ਰੀਤ ਕੌਰ ਜੇਠੂਕੇ, ਬਲਵੰਤ ਸਿੰਘ ਘੁਡਾਣੀ, ਗੁਰਮੀਤ ਸਿੰਘ ਕਿਸ਼ਨਪੁਰਾ, ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਕੁਲਦੀਪ ਸਿੰਘ ਮੱਤੇਨੰਗਲ ਸ਼ਾਮਲ ਸਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੁਲਾਰਿਆਂ ਵੱਲੋਂ ਪੰਜਾਬ ਪੁਲਿਸ ਦੁਆਰਾ ਸ਼ਾਂਤਮਈ ਅੰਦੋਲਨ ਕਰ ਰਹੇ ਬੇਰੁਜ਼ਗਾਰ ਟੀਚਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕੀਤੀ ਗਈ ਅਤੇ ਇਹਨਾਂ ਟੀਚਰਾਂ ਸਮੇਤ ਜਲ ਸਪਲਾਈ ਠੇਕਾ ਕਾਮਿਆਂ ਅਤੇ ਮਗਨਰੇਗਾ ਕਰਮਚਾਰੀਆਂ ਦੇ ਹੱਕੀ ਘੋਲ਼ਾਂ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਉਹਨਾਂ ਦਾਅਵਾ ਕੀਤਾ ਕਿ ਕਿਸਾਨਾਂ ਮਜਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖਿਲਾਫ਼ ਰੋਹ ਦਿਨੋ ਦਿਨ ਪ੍ਰਚੰਡ ਹੋ ਰਿਹਾ ਹੈ ਅਤੇ ਪ੍ਰਵਾਰਾਂ ਦੇ ਪ੍ਰਵਾਰ ਹੱਡ ਚੀਰਵੀਂ ਠੰਢ ਅਤੇ ਮੀਂਹ ਦੌਰਾਨ ਵੀ ਧਰਨਿਆਂ ‘ਚ ਭਾਰੀ ਗਿਣਤੀ ਵਿੱਚ ਲਗਾਤਾਰ ਪੁੱਜ ਰਹੇ ਹਨ। ਮੋਦੀ ਸਰਕਾਰ ਦੇ ਕਾਰਪੋਰੇਟ ਹਿਤਾਂ ਪ੍ਰਤੀ ਗਹਿਰੀ ਵਫਾਦਾਰੀ ਵਾਲੇ ਕੱਟੜ ਵਤੀਰੇ ਦੇ ਚਲਦਿਆਂ ਧਰਨਿਆਂ ‘ਚ ਸ਼ਾਮਲ ਬੱਚੇ ਬੁੱਢੇ ਮਰਦ ਔਰਤਾਂ ਨੌਜਵਾਨ ਕਿਸਾਨ ਮਜ਼ਦੂਰ ਅਤੇ ਹਮਾਇਤੀ ਲੋਕ ਪੂਰੇ ਸਿਦਕ ਸਿਰੜ ਨਾਲ ਸ਼ਾਂਤਮਈ ਮੋਰਚਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਖਾਤਮੇ ਦੀ ਅੰਤਿਮ ਜਿੱਤ ਤੱਕ ਲੰਬੇ ਸਮੇਂ ਲਈ ਡਟੇ ਰਹਿਣ ਦਾ ਪੱਕਾ ਇਰਾਦਾ ਧਾਰ ਕੇ ਆ ਰਹੇ ਹਨ। ਮੋਦੀ ਸਰਕਾਰ ਦੀਆਂ ਸਾਰੀਆਂ ਭੁਲੇਖਾਪਾਊ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਲਗਾਤਾਰ ਪਛਾੜਦਿਆਂ ਇਸ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਪੂਰੇ ਦੇਸ਼ ਦੇ ਕਿਸਾਨ ਸ਼ਾਮਲ ਹੋ ਰਹੇ ਹਨ। ਹਰ ਵਾਰ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕੀਤੀਆਂ ਸੋਧਾਂ ਦਾ ਰਟਣਮੰਤਰ ਪਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੱਜਣ ਵਾਲੀਆਂ ਸਰਕਾਰੀ ਚਾਲਾਂ ਨੂੰ ਵੀ ਸੰਘਰਸ਼ਸ਼ੀਲ ਆਗੂ ਅਤੇ ਕਿਸਾਨ ਬੁੱਝੀ ਬੈਠੇ ਹਨ। ਕਿਉਂਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹਰ ਫਸਲ ਦਾ ਐਮ ਐਸ ਪੀ ਮੁਲਕ ਦੇ ਹਰ ਕਿਸਾਨ ਨੂੰ ਮਿਲਣ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਬਿਜਲੀ ਸਬਸਿਡੀਆਂ ਜਾਂ ਪਰਾਲ਼ੀ ਪ੍ਰਦੂਸ਼ਣ ਕਾਨੂੰਨ ‘ਚ ਸੋਧ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਬੁਲਾਰਿਆਂ ਵੱਲੋਂ ਸੰਘਰਸ਼ ਦੌਰਾਨ ਰੋਜ਼ਾਨਾ ਹੋ ਰਹੀਆਂ ਸ਼ਹੀਦੀਆਂ ਲਈ ਕੇਂਦਰ ਸਰਕਾਰ ਦੇ ਕਿਸਾਨਾਂ ਨਾਲ ਦੁਸ਼ਮਣਾਂ ਵਰਗੇ ਇਸ ਕੱਟੜ ਵਤੀਰੇ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ। ਦਿੱਲੀ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਹਜ਼ਾਰ ਤੋਂ ਵੱਧ ਟ੍ਰੈਕਟਰਾਂ ਦਾ ਕਾਫ਼ਲਾ ਸ਼ਾਹਜਹਾਂਪੁਰ ਦੇ ਕਿਸਾਨ ਧਰਨੇ ਵਿੱਚ ਸ਼ਾਮਲ ਹੋ ਚੁੱਕਾ ਹੈ, ਜਿਸਦਾ ਉੱਥੇ ਹਾਜ਼ਰ ਕਿਸਾਨਾਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜਥੇਬੰਦੀ ਵੱਲੋਂ “ ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ ਕਮੇਟੀ “ ਦੇ ਫੈਸਲੇ ਮੁਤਾਬਕ ਇਸ ਘੋਲ਼ ਦੇ ਸਾਰੇ ਅਹਿਮ ਪੱਖਾਂ ਅਤੇ ਸੰਭਾਵੀ ਮੋੜਾਂ ਘੋੜਾਂ ਬਾਰੇ ਤੱਥਾਂ ਸਹਿਤ ਪੂਰੀ ਜਾਣਕਾਰੀ ਨਾਲ ਘੋਲ਼ ਵਿੱਚ ਵੱਖ ਵੱਖ ਢੰਗਾਂ ਨਾਲ ਜੁਟੇ ਹੋਏ ਸਮੂਹ ਕਿਸਾਨ ਮਜਦੂਰ ਔਰਤਾਂ ਨੌਜਵਾਨਾਂ ਬੱਚਿਆਂ ਨੂੰ ਲੈਸ ਕਰਨ ਦੀ ਜ਼ੋਰਦਾਰ ਸਿੱਖਿਆ ਮੁਹਿੰਮ ਪੂਰੇ ਪੰਜਾਬ ਸਮੇਤ ਦਿੱਲੀ ਮੋਰਚੇ ਵਿੱਚ ਵੀ ਵਿੱਢੀ ਜਾ ਚੁੱਕੀ ਹੈ। ਸੈਂਕੜਿਆਂ ਦੀ ਤਾਦਾਦ ਵਿੱਚ ਸਿੱਖਿਆ ਵਲੰਟੀਅਰਾਂ ਨੂੰ ਸਿਖਲਾਈ ਦੇ ਕੇ ਇਸ ਅਹਿਮ ਕਾਰਜ ਲਈ ਤਾਇਨਾਤ ਕੀਤਾ ਜਾ ਰਿਹਾ ਹੈ।