ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਭਲਕੇ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਮੀਲਾਂ ਲੰਮੇ ਕਾਫਲੇ ਖਨੌਰੀ ਤੇ ਡੱਬਵਾਲੀ ਬਾਰਡਰਾਂ ਤੋਂ ਦਿੱਲੀ ਵੱਲ ਘੱਤਣਗੇ ਵਹੀਰਾਂ,ਰਾਸ਼ਨ ਤੇ ਬਿਸਤਰੇ ਅੱਜ ਪਹੁੰਚਾਏ ਗਏ

ਚੰਡੀਗੜ੍ਹ 24 ਨਵੰਬਰ ( ਵਿਸ਼ਵ ਵਾਰਤਾ ) ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਤਿੰਨੇ ਕਾਲੇ ਖੇਤੀ ਕਾਨੂੰਨ ਪਾਰਲੀਮੈਂਟ ਵਿੱਚੋਂ ਰੱਦ ਕਰਵਾਉਣ ਅਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਕਰਵਾਉਣ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਡ ‘ਚ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਵਰਗੀਆਂ ਕਿਸਾਨ ਮੋਰਚੇ ਨਾਲ ਸੰਬੰਧਿਤ ਹੋਰ ਭਖਦੀਆਂ ਮੰਗਾਂ ਮੰਨਵਾਉਣ ਵਾਲੇ ਮੋਰਚੇ ਦੀ ਵਰ੍ਹੇਗੰਢ ਮਨਾਉਣ ਲਈ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਲੱਖ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਜੁਝਾਰੂ ਕਾਫ਼ਲੇ ਭਲਕੇ 25 ਨਵੰਬਰ ਨੂੰ ਦਿੱਲੀ ਟਿਕਰੀ ਮੋਰਚੇ ਵੱਲ ਵਹੀਰਾਂ ਘੱਤਣਗੇ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹਰਿਆਣੇ ਵਿੱਚੋਂ ਵੀ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਕਾਫ਼ਲੇ ਸ਼ਾਮਲ ਹੋਣਗੇ। ਸੂਬਾ ਕਮੇਟੀ ਕੋਲ ਪੁੱਜੀਆਂ ਰਿਪੋਰਟਾਂ ਅਨੁਸਾਰ ਜਥੇਬੰਦੀ ਦੇ ਵੱਧ-ਘੱਟ ਕੰਮ ਖੇਤਰ ਵਾਲੇ ਲੱਗਭਗ ਦੋ ਹਜ਼ਾਰ ਪਿੰਡਾਂ ‘ਚੋਂ ਸੈਂਕੜੇ ਵੱਡੀਆਂ ਬੱਸਾਂ ਅਤੇ ਹਜ਼ਾਰ ਤੋਂ ਵੱਧ ਮਿਨੀ ਬੱਸਾਂ ਸਮੇਤ ਟਰੱਕਾਂ ਕੈਂਟਰਾਂ ਤੇ ਹੋਰ ਛੋਟੇ ਵਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਰਾਸ਼ਨ ਰਜਾਈਆਂ ਆਦਿ ਲੋੜੀਂਦੇ ਸਾਮਾਨ ਲੈ ਕੇ ਸੈਂਕੜੇ ਟਰਾਲੀਆਂ ਅੱਜ ਵੀ ਜਾ ਚੁੱਕੀਆਂ ਹਨ। ਟਿਕਰੀ ਮੋਰਚੇ ਵਿੱਚ ਵੱਡਾ ਪੰਡਾਲ ਅਤੇ ਟੈਂਟ ਵੀ ਲਗਾਏ ਜਾ ਚੁੱਕੇ ਹਨ।
ਕਿਸਾਨ ਆਗੂਆਂ ਅਨੁਸਾਰ ਪ੍ਰਧਾਨ ਮੰਤਰੀ ਦਾ ਐਲਾਨ ਸੁਣ ਕੇ ਅਤੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਇਸ ਐਲਾਨ ਨੂੰ ਲਾਗੂ ਕਰਵਾਉਣ ਸਮੇਤ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਏ ਬਗੈਰ ਘਰਾਂ ਨੂੰ ਵਾਪਸ ਨਾ ਜਾਣ ਦੇ ਫ਼ੈਸਲੇ ਸੁਣ ਕੇ ਲੋਕਾਂ ਅੰਦਰ ਜੋਸ਼ ਤੇ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਜਥੇਬੰਦ ਲੋਕ-ਤਾਕਤ ਅਤੇ ਇੱਕਜੁਟ ਸੰਘਰਸ਼ ਦੀ ਕਰਾਮਾਤ ਵਿੱਚ ਉਨ੍ਹਾਂ ਦਾ ਫ਼ੌਲਾਦੀ ਭਰੋਸਾ ਮੁਕੰਮਲ ਜਿੱਤ ਦੀ ਯਕੀਨਦਹਾਨੀ ਬੰਨ੍ਹਾ ਰਿਹਾ ਹੈ। 29 ਨਵੰਬਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਵਿੱਚ ਸਰਕਾਰ ਵੱਲੋਂ ਮਿਥੇ ਏਜੰਡਿਆਂ ਵਿੱਚ ਅਜੇ ਤੱਕ ਇਕੱਲਾ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਏਜੰਡਾ ਹੀ ਰੱਖਿਆ ਗਿਆ ਹੈ।ਐੱਮ ਐੱਸ ਪੀ, ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਵਰਗੇ ਏਜੰਡੇ ਵੀ ਨਹੀਂ ਰੱਖੇ ਗਏ ਅਤੇ ਲਖੀਮਪੁਰ ਖੀਰੀ ਕਾਂਡ ਸੰਬੰਧੀ ਜਾਂ ਪੁਲਿਸ ਕੇਸਾਂ ਦੀ ਵਾਪਸੀ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਆਦਿ ਮੰਗਾਂ ਸੰਬੰਧੀ ਗੱਲਬਾਤ ਦੇ ਵੀ ਅਜੇ ਤੱਕ ਕੋਈ ਸੰਕੇਤ ਨਹੀਂ। ਪਰ ਸੰਯੁਕਤ ਕਿਸਾਨ ਮੋਰਚੇ ਵਿੱਚ ਡਟੀਆਂ ਜਥੇਬੰਦੀਆਂ ਅਤੇ 700 ਤੋਂ ਵੱਧ ਜੁਝਾਰੂਆਂ ਨੂੰ ਸ਼ਹੀਦ ਹੋਏ ਦੇਖ ਕੇ ਵੀ ਸਿਦਕ ਸਿਰੜ ਨਾਲ ਮੋਰਚਿਆਂ ਵਿੱਚ ਡਟੇ ਲੱਖਾਂ ਲੋਕਾਂ ਦੇ ਆਪਾ ਵਾਰੂ ਪੈਂਤੜੇ ਘੋਲ਼ ਨੂੰ ਹੋਰ ਉੱਚੀਆਂ ਬੁਲੰਦੀਆਂ ਵੱਲ ਲਿਜਾ ਰਹੇ ਹਨ। ਵਹੀਰਾਂ ਘੱਤ ਕੇ ਦਿੱਲੀ ਜਾ ਰਹੇ ਲੋਕਾਂ ਦੇ ਮੂੰਹੋਂ ਇਹ ਗੱਲ ਆਮ ਸੁਣੀ ਜਾ ਰਹੀ ਹੈ ਕਿ ਹੁਣ ਆਹ ਮੁੱਖ ਮੰਗਾਂ ਵੀ ਮੰਨਵਾ ਕੇ ਹੀ ਮੁੜਾਂਗੇ।






















