ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਨਿਖੇਧੀ ਅਤੇ ਵਿਦਿਆਰਥੀ ਅੰਦੋਲਨ ਦੀ ਹਮਾਇਤ, ਪੱਕੇ ਕਿਸਾਨ ਧਰਨੇ ਬਾਦਸਤੂਰ ਜਾਰੀ
ਜੈਤੋ (ਫਰੀਦਕੋਟ) ਐਸ ਡੀ ਐਮ ਦਫਤਰ ਅੱਗੇ ਰੋਸ ਧਰਨਾ ਲਾ ਕੇ ਮੰਗ ਪੱਤਰ ਦਿੰਦੇ ਹੋਏ ਵਿਦਿਆਰਥੀ ਤੇ ਕਿਸਾਨ

ਚੰਡੀਗੜ੍ਹ 30 ਮਾਰਚ (ਵਿਸ਼ਵ ਵਾਰਤਾ) ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਪੁਲਿਸ ਦੁਆਰਾ ਬੇਰੁਜ਼ਗਾਰ ਅਧਿਆਪਕਾਂ ੳੱਤੇ ਪਟਿਆਲੇ ‘ਚ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਅਤੇ ਔਰਤ ਅਧਿਆਪਕਾਂ ਦੀ ਮਰਦ ਪੁਲਿਸ ਵੱਲੋਂ ਕੀਤੀ ਗਈ ਸ਼ਰਮਨਾਕ ਖਿੱਚਧੂਹ ਦੀ ਸਖਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਪ੍ਰੈਸਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਹੈ ਕਿ ਕਰੋਨਾ ਦੀ ਆੜ ‘ਚ ਸਕੂਲ ਕਾਲਜ ਬੰਦ ਕਰਨ ਵਿਰੁੱਧ ਅੱਜ ਵਿਦਿਆਰਥੀ ਜਥੇਬੰਦੀਆਂ ਵੱਲੋਂ ਜਿਲ੍ਹਾ/ਤਹਿਸੀਲ ਕੇਂਦਰਾਂ ‘ਤੇ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਸੰਕੇਤਕ ਸ਼ਮੂਲੀਅਤ ਰਾਹੀਂ ਕੀਤੀ ਗਈ। ਕਿਲਾ ਰਾਏਪੁਰ ਸਥਿਤ ਹਿੰਦ ਟਰਮੀਨਲ ਵੱਲੋਂ ਅਡਾਨੀ ਖੁਸ਼ਕ ਬੰਦਰਗਾਹ ਦੇ ਲੋਡ੍ਹ ਕੰਟੇਨਰ ਬਾਹਰ ਕੱਢਣ ਤੇ ਖਾਲੀ ਅੰਦਰ ਲਿਆਉਣ ਦੀ ਹਾਸਲ ਹੋਈ ਰਿਪੋਰਟ ਦੀ ਤਸੱਲੀਬਖ਼ਸ਼ ਪੜਤਾਲ ਕਰਨ ਅਤੇ ਲੋੜ ਪੈਣ ‘ਤੇ ਨਾਕੇਬੰਦੀ ਕਰਨ ਲਈ ਲਾਇਆ ਹੋਇਆ ਧਰਨਾ ਵੀ ਚੌਥੇ ਦਿਨ ਜਾਰੀ ਰਿਹਾ। ਉਹਨਾਂ ਦੱਸਿਆ ਕਿ ਬੇਸ਼ੱਕ ਹੁਣ ਤੱਕ ਕੀਤੀ ਪੜਤਾਲ ਦੌਰਾਨ ਇੱਥੋਂ ਅਡਾਨੀ ਕੰਟੇਨਰਾਂ ਦੀ ਆਵਾਜਾਈ ਦਾ ਕੋਈ ਸਬੂਤ ਨਹੀਂ ਮਿਲਿਆ, ਪ੍ਰੰਤੂ ਸਾਰੇ ਕੰਟੇਨਰਾਂ ਦੀ ਮੁਕੰਮਲ ਛਾਣਬੀਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਇਸਦਾ ਮਕਸਦ ਮੋਦੀ ਹਕੂਮਤ ਦੇ ਨਾਲ ਹੀ ਅਡਾਨੀ ਅੰਬਾਨੀ ਜਿਹੀਆਂ ਦਿਓਕੱਦ ਸਾਮਰਾਜੀ ਕੰਪਨੀਆਂ ਨੂੰ ਕਿਸਾਨ ਘੋਲ਼ ਦੇ ਸਿੱਧੇ ਚੋਟ ਨਿਸ਼ਾਨੇ ‘ਤੇ ਰੱਖਣਾ ਹੈ ਜਿਵੇਂ ਕਿ ਪੰਜਾਬ ਦੇ 16 ਜਿਲ੍ਹਿਆਂ ਵਿੱਚ 42 ਥਾਂਵਾਂ ‘ਤੇ ਇਨ੍ਹਾਂ ਕੰਪਨੀਆਂ ਦੇ ਕਾਰੋਬਾਰਾਂ ਟੌਲ ਪਲਾਜ਼ਿਆਂ, ਸ਼ਾਪਿੰਗ ਮੌਲਜ਼ ਤੇ ਸੈੱਲੋ ਸਟੋਰਾਂ ਸਮੇਤ ਭਾਜਪਾ ਆਗੂਆਂ ਵਿਰੁੱਧ ਛੇ ਮਹੀਨਿਆਂ ਤੋਂ ਪੱਕੇ ਮੋਰਚੇ ਲਾਏ ਹੋਏ ਹਨ। ਪ੍ਰੈਸਨੋਟ ‘ਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਮਜ਼ਦੂਰਾਂ ਸਮੇਤ ਦੇਸ਼ ਦੇ ਸਾਰੇ ਕਿਰਤੀ ਕਾਰੋਬਾਰੀਆਂ ਅੰਦਰ ਭਾਜਪਾ ਹਕੂਮਤ ਦੇ ਅੜੀਖੋਰ ਵਤੀਰੇ ਪ੍ਰਤੀ ਰੋਸ ਦਿਨੋਂ ਦਿਨ ਵਧ ਰਿਹਾ ਹੈ ਅਤੇ ਔਰਤਾਂ,ਨੌਜਵਾਨਾਂ ਸਮੇਤ ਧਰਨਾਕਾਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 26 ਮਾਰਚ ਦੇ ਲਾ-ਮਿਸਾਲ ਭਾਰਤ ਬੰਦ ਸਮੇਂ ਹੋਏ ਠਾਠਾਂ ਮਾਰਦੇ ਇਕੱਠ ਇਸ ਦੇ ਮੂੰਹੋਂ ਬੋਲਦੇ ਸਬੂਤ ਹਨ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਨੂਰਪੁਰਾ, ਜਨਕ ਸਿੰਘ ਭੁਟਾਲ, ਜਸਵੰਤ ਸਿੰਘ ਸੇਖੋਂ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਕੁਮਾਰੀ ਦਿਆਲਪੁਰਾ, ਪਰਮਜੀਤ ਕੌਰ ਪਿੱਥੋ ਅਤੇ ਜਸਵੰਤ ਸਿੰਘ ਸੇਖੋਂ ਸਮੇਤ ਜਿਲ੍ਹਾ/ਬਲਾਕ ਪੱਧਰੇ ਸਾਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਅਡਾਨੀ ਅੰਬਾਨੀ ਤੇ ਹੋਰ ਵਿਦੇਸ਼ੀ ਦਿਓਕੱਦ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਅਤੇ ਕਿਸਾਨ-ਧਰੋਹੀ, ਲੋਕ-ਵਿਰੋਧੀ ਹੋਣ ਦਾ ਦੋਸ਼ ਲਾਇਆ। ਕਿਉਂਕਿ ਕਾਲੇ ਖੇਤੀ ਕਾਨੂੰਨ, ਲੇਬਰ ਕੋਡ ਕਾਨੂੰਨ ਅਤੇ ਨਿਜੀਕਰਨ ਦੀਆਂ ਨੀਤੀਆਂ ਸਭਨਾਂ ਕਿਰਤੀਆਂ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਕਮਾਈ ਦੀ ਸਾਮਰਾਜੀ ਕੰਪਨੀਆਂ ਦੁਆਰਾ ਅੰਨ੍ਹੀ ਲੁੱਟ ਅਤੇ ਵਿਆਪਕ ਬੇਰੁਜ਼ਗਾਰੀ ਵੱਲ ਸੇਧਤ ਹਨ। ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ; ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਪੂਰੇ ਦੇਸ਼ ‘ਚ ਪੂਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਦਿੱਲੀ ਬਾਰਡਰਾਂ ਅਤੇ ਹੋਰ ਕਿਸਾਨ ਮੋਰਚਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਸਾਰੇ ਮੁਕੱਦਮੇ ਰੱਦ ਕਰਕੇ ਸਮੂਹ ਨਜ਼ਰਬੰਦ ਕਿਸਾਨ ਮਜਦੂਰ ਤੇ ਹਿਮਾਇਤੀ ਲੋਕ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਨੂੰ ਕਿਸਾਨ ਘੋਲ਼ ਦੇ ਦਿੱਲੀ ਬਾਰਡਰਾਂ ਸਮੇਤ ਬੁਲੰਦੀਆਂ ਛੂਹ ਰਹੇ ਸਾਰੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।






















