ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦਾ ਅੱਜ ਲੈਣਗੇ ਹਲਫ਼
ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 150 ਏਕੜ ਵਿੱਚ ਹੋਵੇਗਾ ਸਮਾਗਮ
ਚੰਡੀਗੜ੍ਹ,16 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮਨੋਨਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਨੂੰ ਬਸੰਤੀ ਰੰਗ ਦੇਣ ਲਈ ਭਗਵੰਤ ਮਾਨ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਉਹਨਾਂ ਵੱਲੋਂ ਬਾਕਾਇਦਾ ਪਹਿਲਾਂ ਸ਼ੋਸ਼ਲ ਮੀਡੀਆ ਰਾਹੀਂ ਅਤੇ ਫਿਰ ਪੰਜਾਬ ਦੇ ਲਗਭਗ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਤੇ ਸਿਰਾਂ ਤੇ ਬਸੰਤੀ ਚੁੰਨੀਆਂ ਲੈ ਕੇ ਖਟਕੜ ਕਲਾਂ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਡਾਲ ਵੀ ਬਸੰਤੀ ਰੰਗ ਦਾ ਸਜਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਲਈ ਪਹਿਲਾਂ 15 ਏਕੜ ਵਿੱਚ ਪੰਡਾਲ ਲਗਾਏ ਜਾਣ ਦੀ ਤਿਆਰੀ ਕੀਤੀ ਗਈ ਸੀ। ਪਰ,ਹੁਣ ਪੰਡਾਲ ਦਾ ਸਾਇਜ਼ ਵਧਦਾ-ਵਧਦਾ ਲਗਭਗ 150 ਏਕੜ ਹੋ ਗਿਆ ਹੈ। ਹੋਰ ਖਬਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੇ 150 ਏਕੜ ਵਿੱਚੋਂ ਕਣਕ ਦੀ ਲਗਭਗ ਤਿਆਰ ਖੜੀ ਫਸਲ ਵਢਾ ਦਿੱਤੀ ਹੈ ਤਾਂ ਜੋ ਸਹੁੰ ਚੁੱਕ ਸਮਾਗਮ ਵਿੱਚ ਆਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸੁਰੱਖਿਆ ਦੇ ਪ੍ਰਬੰਧ ਵੀ ਪੁਖਤਾ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 6ਆਈਜੀ ਅਤੇ 10 ਐਸਐਸਪੀ ਸਮੇਤ ਹੋਰ ਵੀ ਕਈ ਵੱਡੇ ਅਧਿਕਾਰੀ ਸਮਾਗਮ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।
ਸਮਾਗਮ ਵਿੱਚ 2 ਲੱਖ ਤੋਂ ਵੱਧ ਲੋਕਾਂ ਦੇ ਸ਼ਿਰਕਤ ਕਰਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ । ਭਗਤ ਸਿੰਘ ਦੇ ਪਿੰਡ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੀ ਅੱਜ ਪਹਿਲੀ ਵਾਰ ਹੋਵੇਗਾ।























