ਬੱਚੇ ਨੂੰ ਅਗਵਾ ਕਰਕੇ ਮੰਗੀ ਫਿਰੌਤੀ, ਬਾਅਦ ’ਚ ਕੀਤੀ ਹੱਤਿਆ
ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ ਪੁਲਿਸ ਨੇ ਕੀਤਾ ਕਾਬੂ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 16ਸਤੰਬਰ(ਵਿਸ਼ਵ ਵਾਰਤਾ)-ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬੀਤੇ ਕੱਲ੍ਹ ਇਕ 12ਸਾਲਾ ਸਕੂਲੀ ਵਿਦਿਆਰਥੀ ਰੋਹਿਤ ਕੁਮਾਰ ਨੂੰ ਫਰੌਤੀ ਲਈ ਅਗਵਾ ਕਰਕੇ ਗਲਾ ਘੁੱਟ ਕੇ ਮਾਰਨ ਵਾਲਾ ਦੋਸ਼ੀ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ–ਅੰਦਰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਦੇ ਪਿਤਾ ਗੋਰਖ ਨਾਥ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਾਈ ਸੀ,ਕਿ ਉਹਨਾਂ ਦਾ 7ਵੀਂ ਕਲਾਸ ਵਿੱਚ ਪੜ੍ਹਦਾ ਲੜਕਾ ਰੋਹਿਤ ਘਰੋਂ ਬਾਹਰ ਗਿਆ ਸੀ , ਅਤੇ ਕਾਫੀ ਸਮਾਂ ਘਰ ਨਾ ਆਉਣ ਕਰਕੇ ਜਦ ਉਹ ਉਸ ਦੀ ਭਾਲ ਕਰ ਰਹੇ ਸਨ ਤਾਂ ਇਕ ਵਿਆਕਤੀ ਦਾ ਉਹਨਾਂ ਨੂੰ ਫੌਨ ਆਇਆ ਕਿ ਉਹਨਾਂ ਦਾ ਲੜਕਾ ਰੋਹਿਤ ਉਹਨਾਂ ਦੇ ਕਬਜ਼ੇ ਵਿੱਚ ਹੈ,ਜੇਕਰ ਉਹ ਬੱਚੇ ਦੀ ਸਲਾਮਤੀ ਚਾਹੁੰਦੇ ਹਨ, ਤਾਂ ਸਾਢੇ ਤਿੰਨ ਲੱਖ ਦਾ ਪ੍ਰਬੰਧ ਕਰ ਲੈਣ ।
ਇਸ ਤੋਂ ਬਾਅਦ ਪੁਲਿਸ ਵਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਦੋਸ਼ੀ ਨੰਦਨ ਕੁਮਾਰ ਨੂੰ ਕਾਬੂ ਕਰਕੇ ਜਦ ਉਸ ਤੋਂ ਪੁੱਛ–ਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਰੋਹਿਤ ਨੂੰ ਪੈਸਿਆ ਦੇ ਲਾਲਚ ਵਿੱਚ ਆ ਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਤੋੜੇ ਵਿੱਚ ਪਾ ਕੇ ਨਹਿਰ ‘ਚ ਬਹਾ ਦਿੱਤੀ । ਜਿਸ ਦੀ ਨਿਸ਼ਾਨਦੇਹੀ ਤੇ ਜਿਥੇ ਮ੍ਰਿਤਕ ਬੱਚੇ ਦੀ ਲਾਸ਼ ਸੁਲਤਾਨਵਿੰਡ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਉਥੇ ਉਸ ਵਲੋਂ ਵਾਰਦਾਤ ਸਮੇਂ ਵਰਤਿਆ ਮੋਬਾਇਲ ਤੇ ਮ੍ਰਿਤਕ ਬੱਚੇ ਦੀ ਟੀ–ਸ਼ਰਟ ਬਰਾਮਦ ਕਰ ਲਈ ਗਈ ਹੈ।
ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਦੋਸ਼ੀ ਦੇ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਨੇੜਲੇ ਸਬੰਧ ਸਨ ਅਤੇ ਉਸ ਨੂੰ ਮ੍ਰਿਤਕ ਦੇ ਪਰਿਵਾਰ ਕੋਲ ਪੈਸੇ ਹੋਣ ਦੀ ਜਾਣਕਾਰੀ ਸੀ। ਜਿਸ ਕਰਕੇ ਦੋਸ਼ੀ ਨੇ ਪੈਸਿਆਂ ਦੇ ਲਈ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹੁਣ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹ ਪੁੱਛ–ਗਿੱਛ ਕੀਤੀ ਜਾਵੇਗੀ।