
– ਨਵਜੋਤ ਸਿੰਘ ਸਿੱਧੂ ਤੇ ਅਰੁਨਾ ਚੌਧਰੀ ਵੱਲੋਂ ਤਿੰਨੇ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਲਈ
-ਇਤਿਹਾਸਕ, ਵਿਰਾਸਤੀ ਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਅਤੇ ਵਿਦਿਆਰਥੀਆਂ ਦੇ ਇਤਿਹਾਸਕ ਟੂਰ ਲਗਾਉਣ ‘ਤੇ ਦਿੱਤਾ ਜ਼ੋਰ
– ਪੰਜ ਮੈਂਬਰੀ ਕਮੇਟੀ ਤਿੰਨ ਹਫਤਿਆਂ ‘ਚ ਖਰੜਾ ਬਣਾ ਕੇ ਅਗਲੀ ਮੀਟਿੰਗ ਵਿਚ ਵਿਚਾਰ ਕਰੇਗੀ
ਚੰਡੀਗੜ੍ਹ, 11 ਅਪ੍ਰੈਲ (ਵਿਸ਼ਵ ਵਾਰਤਾ) : ਪੰਜਾਬ ਦੇ ਬੱਚਿਆਂ ਨੂੰ ਅਮੀਰ ਵਿਰਸੇ, ਸੱਭਿਆਚਾਰ ਤੇ ਇਤਿਹਾਸ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਸਿਰਜਣਾਤਮਕ ਹੁਨਰ ਪੈਦਾ ਕਰਨ ਲਈ ਸੱਭਿਆਚਾਰ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਸੱਭਿਆਚਾਰ, ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੀ ਪਲੇਠੀ ਮੀਟਿੰਗ ਲਈ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਹੁਨਰ ਪੈਦਾ ਕਰਨ ਤੇ ਵਿਰਸੇ ਨਾਲ ਜੋੜਨ ਲਈ ਪ੍ਰਾਇਮਰੀ ਤੇ ਹਾਈ ਸਕੂਲ ਪੱਧਰ ‘ਤੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਵਿਦਿਆਰਥੀਆਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਦੇ ਵਿਦਿਅਕ ਟੂਰ ਲਗਾਏ ਜਾਣਗੇ। ਵਿਦਿਆਰਥੀਆਂ ਨੂੰ ਇਹ ਵਿਸ਼ਾ ਪ੍ਰੈਕਟੀਕਲ ਤੌਰ ‘ਤੇ ਵੀ ਸਿਖਾਇਆ ਜਾਵੇਗਾ। ਜਿਸ ਦੇ ਵਿਸ਼ੇਸ਼ ਨੰਬਰ ਵੀ ਰੱਖੇ ਜਾਣਗੇ। ਵਿਦਿਆਰਥੀਆਂ ਲਈ ਚਲਾਏ ਜਾਂਦੇ ਐਜੂਸੈਟ ਰਾਹੀਂ ਵੀ ਇਤਿਹਾਸਕ ਦਿਹਾੜਿਆਂ ਮੌਕੇ ਮਾਹਿਰ ਸ਼ਖਸੀਅਤ ਉਨਾਂ ਦੇ ਰੂਬਰੂ ਹੋਇਆ ਕਰੇਗੀ।
ਸਕੂਲੀ ਵਿਦਿਆਰਥੀਆਂ ਨੂੰ ਇਤਿਹਾਸਕ, ਵਿਰਾਸਤੀ ਤੇ ਸੱਭਿਆਚਾਰਕ ਟੂਰ ਕਰਵਾਉਣ ਲਈ ਸਰਕਟ ਬਣਾਇਆ ਜਾਵੇਗਾ, ਜਿਸ ਤਹਿਤ ਸਬੰਧਤ ਖੇਤਰਾਂ ਦੀਆਂ ਯੂਨੀਵਰਸਿਟੀਆਂ ਸਹਿਯੋਗ ਦੇਣਗੀਆਂ।
ਅੱਜ ਦੀ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਕੂਲ ਤੋਂ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਦੇ ਸਿਲੇਬਸ ਵਿੱਚ ਇਕਸਾਰਤਾ ਅਤੇ ਬਿਹਤਰ ਤਾਲਮੇਲ ਲਈ ਐਲੀਮੈਂਟਰੀ, ਸੈਕੰਡਰੀ ਤੇ ਉਚੇਰੀ ਸਿੱਖਿਆ ਦੇ ਅਧਿਕਾਰੀਆਂ ਦੀ ਨਿਰੰਤਰ ਮੀਟਿੰਗ ਹੋਇਆ ਕਰੇਗੀ।
ਇਸ ਮੀਟਿੰਗ ਵਿਚ ਦਿੱਤੇ ਗਏ ਹੋਰ ਸੁਝਾਵਾਂ ਵਿਚ ਪਾਠ ਪੁਸਤਕਾਂ ਦੀ ਗੁਣਵੱਤਾ ਵਿਚ ਵੀ ਸੁਧਾਰ, ਸਕੂਲਾਂ ਵਿਚ ਪੰਜਾਬੀ ਬੋਲਣ ਨੂੰ ਉਤਸ਼ਾਹਿਤ ਕਰਨਾ, ‘ਵਿਰਸਾ ਸੰਭਾਲ ਪੰਜਾਬੀਆ’ ਮੁਹਿੰਮ ਰਾਹੀਂ ਪੰਜਾਬ ਦੇ ਸੱਭਿਆਚਾਰ ਉੱਤੇ ਮਾਣ ਮਹਿਸੂਸ ਕਰਨਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਭਾਸ਼ਾ ਵਿਭਾਗ ਨੂੰ ਹਰ ਸੰਭਵ ਮਦਦ ਦੇਣਾ ਆਦਿ ਸ਼ਾਮਲ ਸਨ।
ਮੀਟਿੰਗ ਵਿੱਚ ਵਿਚਾਰ ਗਏ ਸਾਰੇ ਨੁਕਤਿਆਂ ਨੂੰ ਲਾਗੂ ਕਰਨ ਅਤੇ ਇਸ ਨੂੰ ਕੈਬਨਿਟ ਵਿੱਚ ਮਨਜ਼ੂਰੀ ਲਈ ਅੰਤਿਮ ਖਰੜਾ ਤਿਆਰ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਹੋਏ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਐਸ ਕੇ ਸੰਧੂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਪ੍ਰੋ. ਬੀ ਐਸ ਘੁੰਮਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ ਤਿੰਨ ਹਫ਼ਤਿਆਂ ਵਿੱਚ ਆਪਣੀ ਰਿਪੋਰਟ ਤਿਆਰ ਕਰੇਗੀ ਜਿਸ ਉਤੇ ਵਿਚਾਰ ਲਈ ਮਈ ਦੇ ਪਹਿਲੇ ਹਫ਼ਤੇ ਦੋਵੇਂ ਮੰਤਰੀ ਮੁੜ ਤਿੰਨੇ ਵਿਭਾਗਾਂ ਦੀ ਮੀਟਿੰਗ ਕਰਨਗੇ।
ਮੀਟਿੰਗ ਵਿੱਚ ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾਇਰੈਕਟਰ ਯੁਵਾ ਭਲਾਈ ਡਾ. ਨਿਰਮਲ ਜੌੜਾ ਵੀ ਸ਼ਾਮਲ ਹੋਏ।




















