ਬੜਾ ਪਿੰਡ ਤੋਂ ਜੰਡਿਆਲਾ ਤੱਕ ਸੜਕ ਦਾ ਨਾਂ ‘‘ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ’’ ਹੋਵੇਗਾ
ਗਵਰਨਰ ਪੰਜਾਬ ਵੱਲੋਂ ਹੁਕਮ ਜਾਰੀ
ਕਾਮਰੇਡ ਸੇਖੋਂ ਵੱਲੋਂ ਫੈਸਲੇ ਦਾ ਸਵਾਗਤ ਤੇ ਪੰਜਾਬ ਸਰਕਾਰ ਦਾ ਧੰਨਵਾਦ
ਚੰਡੀਗੜ੍ਹ/12 ਅਗਸਤ : ਜ਼ਿਲ੍ਹਾ ਜਲੰਧਰ ਵਿਖੇ ਬੜਾ ਪਿੰਡ ਤੋਂ ਲੈ ਕੇ ਜੰਡਿਆਲਾ ਤੱਕ ਕੁੱਲ 25.46 ਕਿਲੋਮੀਟਰ ਲੰਬੀ ਸੜਕ ਦਾ ਨਾਂ ‘‘ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ’’ ਹੋਵੇਗਾ।
ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪ੍ਰਵਾਨ ਕਰਨ ਦੇ ਹੁਕਮ ਮਾਣਯੋਗ ਗਵਰਨਰ ਪੰਜਾਬ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ, ‘‘ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਦੱਖਣੀ ਬਾਈਪਾਸ (ਬੜਾ ਪਿੰਡ ਤੋਂ ਜੰਡਿਆਲਾ) ਜ਼ਿਲ੍ਹਾ ਜਲੰਧਰ, ਕੁੱਲ ਲੰਬਾਈ 25.46 ਕਿਲੋਮੀਟਰ ਸੜਕ ਦਾ ਨਾਮ, ‘‘ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ’’ ਰੱਖਣ ਦੀ ਪ੍ਰਵਾਨਗੀ ਦਿੰਦੇ ਹਨ।’’ ਇਸ ਫੈਸਲੇ ਦੀ ਚਿੱਠੀ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਜਲੰਧਰ ਅਤੇ ਹੋਰ ਸਬੰਧਤ ਅਧਿਕਾਰੀਆਂ ਤੇ ਮਹਿਕਮੇ ਨੂੰ ਭੇਜ ਦਿੱਤੀਆਂ ਗਈਆਂ ਹਨ।
ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇਸ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਯਾਦ ਰਹੇ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸੰਸਾਰ ਭਰ ’ਚ ਜਾਣੇ ਜਾਂਦੇ ਸੁਤੰਤਰਤਾ ਸੰਗਰਾਮੀਏ ਤੇ ਕਮਿਊਨਿਸਟ ਆਗੂ ਸਨ | ਸੰਨ 1967 ਵਿੱਚ ਵਿਧਾਨ ਸਭਾ ਹਲਕਾ ਬੜਾ ਪਿੰਡ ਤੋਂ ਐਮਐਲਏ ਚੁਣੇ ਗਏ ਸਨ। ਉਹ 1952 ਵਿੱਚ ਵੀ ਹਲਕਾ ਨਕੋਦਰ ਤੋਂ ਐਮਐਲਏ ਚੁਣੇ ਗਏ ਸਨ।
ਕਾਮਰੇਡ ਸੁਰਜੀਤ 1978 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ।