ਬ੍ਰੇਕਅੱਪ ਤੋਂ ਨਾਰਾਜ਼ ਨੌਜਵਾਨ ਨੇ ਪ੍ਰੇਮਿਕਾ ਤੇ ਕੀਤਾ ਜਾਨਲੇਵਾ ਹਮਲਾ
ਚੰਡੀਗੜ੍ਹ 4 ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਦੇ ਆਦਰਸ਼ ਨਗਰ ਇਲਾਕੇ ‘ਚ ਸੋਮਵਾਰ ਨੂੰ ਬ੍ਰੇਕਅੱਪ ਤੋਂ ਨਾਰਾਜ਼ ਇਕ ਨੌਜਵਾਨ ਨੇ ਇਕ ਲੜਕੀ ‘ਤੇ ਚਾਕੂ ਨਾਲ 6 ਵਾਰ ਕੀਤੇ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜ਼ਖਮੀ ਲੜਕੀ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਮੁਲਜ਼ਮ ਦਾ ਨਾਂ ਸੁਖਵਿੰਦਰ ਹੈ ਅਤੇ ਉਸ ਨੂੰ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀੜਤਾ ਦਿੱਲੀ ਯੂਨੀਵਰਸਿਟੀ ਵਿੱਚ ਬੀਏ ਕਰ ਰਹੀ ਹੈ। ਉਸ ਦੀ ਸੁਖਵਿੰਦਰ ਨਾਲ 5 ਸਾਲ ਪਹਿਲਾਂ ਦੋਸਤੀ ਹੋਈ ਸੀ। ਉਨ੍ਹਾਂ ਦਾ ਇਹ ਰਿਸ਼ਤਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ, ਇਸ ਲਈ ਲੜਕੀ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਸੁਖਵਿੰਦਰ ਇਹ ਗੱਲ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਸੋਮਵਾਰ ਨੂੰ ਲੜਕੀ ਨੂੰ ਮਿਲਣ ਲਈ ਬੁਲਾਇਆ।ਲੜਕੀ ਘਰ ਦੇ ਕੋਲ ਗਲੀ ‘ਚ ਉਸ ਨੂੰ ਮਿਲਣ ਗਈ। ਇਸ ਤੋਂ ਬਾਅਦ ਲੜਕੇ ਨੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦਿੱਲੀ ਤੋਂ ਭੱਜ ਕੇ ਅੰਬਾਲਾ ਵਿੱਚ ਲੁਕ ਗਿਆ ਸੀ। ਪੁਲਸ ਟੀਮ ਨੇ ਅੰਬਾਲਾ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।