ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ ਦਿਹਾਂਤ: ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਲਿਆ ਆਖਰੀ ਸਾਹ
ਸ਼ੋਕ ਵਿੱਚ ਸ਼ਾਹੀ ਪਰਿਵਾਰ
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 9ਸਤੰਬਰ(ਵਿਸ਼ਵ ਵਾਰਤਾ)-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ, 96 ਸਾਲਾ ਮਹਾਰਾਣੀ ਸਕਾਟਲੈਂਡ ਦੇ ਬਲਮੋਰਲ ਕੈਸਲ ‘ਚ ਰਹਿ ਰਹੀ ਸੀ। ਇੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ ਸਭ ਤੋਂ ਲੰਬੇ ਸਮੇਂ (70 ਸਾਲ) ਲਈ ਬ੍ਰਿਟੇਨ ਦੀ ਮਹਾਰਾਣੀ ਰਹੇ।
ਹੁਣ ਪ੍ਰਿੰਸ ਵਿਲੀਅਮ 40 ਸਾਲ ਦੀ ਉਮਰ ਵਿੱਚ ਗੱਦੀ ਦੇ ਉਤਰਾਅਧਿਕਾਰੀ ਬਣ ਗਏ ਹਨ ਅਤੇ ਉਸ ਦੇ ਪਿਤਾ ਪ੍ਰਿੰਸ ਚਾਰਲਸ (73 ਸਾਲ) ਹੁਣ ਕਿੰਗ ਹਨ।ਗੌਰਤਲਬ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦੀ 9 ਅਪ੍ਰੈਲ 2021 ਨੂੰ ਮੌਤ ਹੋ ਗਈ ਸੀ ਹੁਣ ਰਾਣੀ ਵੀ ਨਹੀਂ ਰਹੀ। ਮਹਾਰਾਣੀ ਦੇ ਚਾਰ ਬੱਚੇ ਹਨ, ਪ੍ਰਿੰਸ ਚਾਰਲਸ, ਰਾਜਕੁਮਾਰੀ ਐਨੀ, ਐਂਡਰਿਊ ਅਤੇ ਐਡਵਰਡ, ਜਿਨ੍ਹਾਂ ਤੋਂ ਉਨ੍ਹਾਂ ਦੇ ਅੱਠ ਪੋਤੇ-ਪੋਤੀਆਂ ਅਤੇ 12 ਪੜਪੋਤੇ- ਪੜਪੋਤੀਆਂ ਹਨ। ਸ਼ਾਹੀ ਪਰਿਵਾਰ ਹੁਣ ਅਧਿਕਾਰਤ ਤੌਰ ‘ਤੇ ਸੋਗ ਵਿੱਚ ਹੈ ਜਿਸ ਦੇ ਚਲਦਿਆਂ ਸਾਰੇ ਅਧਿਕਾਰਤ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਯੂਨੀਅਨ ਜੈਕ ਨੂੰ ਸ਼ਾਹੀ ਮਹਿਲਾਂ ਅਤੇ ਘਰਾਂ ‘ਤੇ ਅੱਧ-ਮਸਤ ‘ਤੇ ਝੁਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਰਤਾਨੀਆ ਦੀਆਂ ਸਾਰੀਆਂ ਬਾਹਰੀ ਚੌਕੀਆਂ ਅਤੇ ਫ਼ੌਜੀ ਟਿਕਾਣਿਆਂ ‘ਤੇ ਵੀ ਝੰਡਾ ਝੁਕਿਆ ਰਹੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਿਜ਼ਾਬੈਥ II ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਐਲਿਜ਼ਾਬੈਥ II ਨੂੰ ਸਾਡੇ ਸਮਿਆਂ ਦੀ ਮਹਾਨ ਸ਼ਾਸਕ ਵਜੋਂ ਯਾਦ ਕੀਤਾ ਜਾਵੇਗਾ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਬਰਤਾਨੀਆ ਦੇ ਲੋਕਾਂ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੱਸਿਆ ਕਿ ਮੈਂ ਮਹਾਰਾਣੀ ਨੂੰ 2015 ਅਤੇ 2018 ਵਿੱਚ ਬ੍ਰਿਟੇਨ ਦੇ ਦੌਰੇ ਦੌਰਾਨ ਮਿਲਿਆ ਸੀ। ਇੱਕ ਮੁਲਾਕਾਤ ਦੌਰਾਨ, ਉਹਨਾਂ ਨੇ ਮੈਨੂੰ ਇੱਕ ਰੁਮਾਲ ਦਿਖਾਇਆ, ਜੋ ਮਹਾਤਮਾ ਗਾਂਧੀ ਨੇ ਉਹਨਾਂ ਦੇ ਵਿਆਹ ਵਿੱਚ ਗਿਫਟ ਕੀਤਾ ਸੀ।