
• ਪਿੰਡ ਗਿੱਦੜਪੁਰ ਵਿੱਚ ਸਫ਼ਲਤਾ ਪੂਰਵਕ ਚਲਾ ਰਿਹਾ ਹੈ 80 ਗਾਵਾਂ ਦਾ ਡੇਅਰੀ ਫਾਰਮ
ਐਸ.ਏ.ਐਸ ਨਗਰ, 12 ਜੁਲਾਈ (ਵਿਸ਼ਵ ਵਾਰਤਾ)- ਪੜਾਈ-ਲਿਖਾਈ ਕਰ ਕੇ ਬੇਰੁਜ਼ਗਾਰੀ ਕਾਰਨ ਨਿਰਾਸ਼ ਹੋ ਕੇ ਨਸ਼ਿਆਂ ਜਾਂ ਹੋਰ ਮਾੜੇ ਰਾਹ ‘ਤੇ ਪੈਣ ਵਾਲੇ ਨੌਜਵਾਨਾਂ ਲਈ ਜ਼ਿਲਾ ਦੇ ਪਿੰਡ ਗਿੱਦੜਪੁਰ ਵਿੱਚ ਡੇਅਰੀ ਫਾਰਮਿੰਗ ਕਰ ਰਿਹਾ ਨੌਜਵਾਨ ਅਮਿਤ ਠਾਕੁਰ ਰਾਹ ਦਸੇਰਾ ਬਣ ਕੇ ਉਭਰਿਆ ਹੈ। ਐਮ.ਬੀ.ਏ ਫਾਇਨਾਂਸ/ਮਾਰਕਿਟਿੰਗ ਕਰਨ ਉਪਰੰਤ ਕਰੀਬ 10 ਸਾਲ ਉਸ ਨੇ ਬੈਕਿੰਗ ਖੇਤਰ ਵਿੱਚ ਨੌਕਰੀ ਕੀਤੀ ਪਰ ਬਾਅਦ ਵਿੱਚ ਸਾਰੀਆਂ ਜੱਕਾਂ-ਤੱਕਾਂ ਤੋਂ ਉੱਪਰ ਉਠਦਿਆਂ ਉਸ ਨੇ ਪਸ਼ੂ ਪਾਲਣ ਦੇ ਆਪਣੇ ਸ਼ੌਂਕ ਨੂੰ ਆਪਣਾ ਕਾਰੋਬਾਰ ਬਣਾਉਣ ਦਾ ਫੈਸਲਾ ਕੀਤਾ।
ਚੰਡੀਗੜ• ਵਿੱਚ ਰਹਿੰਦੇ ਇਸ 38 ਸਾਲਾ ਨੌਜਵਾਨ ਨੇ ਡੇਅਰੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਤੋਂ ਸਰਕਾਰ ਦੀਆਂ ਸਕੀਮਾਂ ਅਤੇ ਇਹਨਾਂ ਧੰਦਿਆਂ ਵਿਚਲੀਆਂ ਸੰਭਾਵਨਾਵਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਸ ਨੇ ਖੁਦ ਕਈ ਡੇਅਰੀ ਫਾਰਮਾਂ ਦਾ ਦੌਰਾ ਕਰਕੇ ਵੀ ਜਾਣਕਾਰੀ ਇਕੱਤਰ ਕੀਤੀ। ਸੰਨ 2014 ਵਿੱਚ ਅਮਿਤ ਨੇ ਜ਼ਿਲਾ ਐਸ.ਏ.ਐਸ ਨਗਰ ਦੇ ਪਿੰਡ ਟੋਡਰ ਮਾਜਰਾ ਵਿੱਚ ਜ਼ਮੀਨ ਠੇਕੇ ਉਤੇ ਲੈ ਕੇ 30 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ ਅਤੇ ਦਿਨ ਰਾਤ ਇਕ ਕਰ ਕੇ ਇਸ ਧੰਦੇ ਵਿੱਚ ਸਫ਼ਲ ਹੋਣ ਦੇ ਇਰਾਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣਾ ਫਾਰਮਾ ਦਾ ਸਾਰਾ ਦੁੱਧ ਵੇਰਕਾ ਨੂੰ ਹੀ ਸਪਲਾਈ ਕਰਦਾ ਰਿਹਾ ਤੇ ਉਸ ਦਾ ਕਾਰੋਬਾਰ ਵੱਧਦਾ ਰਿਹਾ। ਅਮਿਤ ਠਾਕੁਰ ਦੱਸਦਾ ਹੈ ਕਿ ਕਾਮਯਾਬੀ ਦਾ ਸਭ ਤੋਂ ਵੱਡਾ ਸਾਧਨ ਸਿਰਫ਼ ਸਖ਼ਤ ਮਿਹਨਤ ਤੇ ਹਿੰਮਤ ਹੈ। ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਿੰਮਤ ਦਾ ਲੜ ਫੜ ਕੇ ਰੱਖਣ ਨਾਲ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ। ਉਸ ਦਾ ਕਹਿਣਾ ਹੈ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਜਿਹਾ ਹੈ, ਜਿਸ ਨੂੰ ਹੋਰਨਾਂ ਦੇ ਸਿਰ ‘ਤੇ ਨਹੀਂ ਛੱਡਿਆ ਜਾ ਸਕਦਾ । ਡੇਅਰੀ ਫਾਰਮਰਾਂ ਦਾ ਇਸ ਵਿੱਚ ਸ਼ਾਮਲ ਹੋ ਕੇ ਖੁਦ ਕੰਮ ਕਰਨਾ ਲਾਜ਼ਮੀ ਹੈ ਨਹੀਂ ਤਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧੰਦਾ ਫੇਲ ਹੋਣ ਦੀ ਵੀ ਨੌਬਤ ਆ ਜਾਂਦੀ ਹੈ।
ਅਮਿਤ ਨੇ ਲਗਾਤਾਰ ਮਿਹਨਤ ਜਾਰੀ ਰੱਖੀ ਤੇ ਅੱਜ ਉਸ ਨੇ ਪਿੰਡ ਗਿੱਦੜਪੁਰ ਵਿਚਲੀ ਆਪਣੀ 01 ਏਕੜ ਜ਼ਮੀਨ ‘ਤੇ 80 ਗਾਵਾਂ ਦਾ ਡੇਅਰੀ ਫਾਰਮ ਬਣਾ ਲਿਆ ਹੈ ਤੇ ਔਸਤਨ 1600 ਲੀਟਰ ਦੁੱਧ ਦੀ ਪੈਦਾਵਾਰ ਰੋਜ਼ਾਨਾ ਦੀ ਹੈ ਤੇ ਵੇਰਕਾ ਨੂੰ ਉਹ 27-28 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਪਾ ਰਿਹਾ ਹੈ। ਆਮਦਨ ਵਿੱਚ ਵਾਧੇ ਦੇ ਮਨਸ਼ੇ ਨਾਲ ਹੁਣ ਉਸ ਨੇ ਪ੍ਰਚੂਨ ਖੇਤਰ ਵਿੱਚ ਪੈਰ ਧਰਨ ਦਾ ਵੀ ਫੈਸਲਾ ਕੀਤਾ ਹੈ। ਇਸ ਤਹਿਤ ਉਹ ਸ਼ੁਰੂਆਤੀ ਤੌਰ ‘ਤੇ ਆਪਣੇ ਜਾਣਕਾਰਾਂ ਨੂੰ ਘਰ-ਘਰ ਜਾ ਕੇ ਦੁੱਧ ਸਪਲਾਈ ਕਰੇਗਾ, ਜਿਸ ਨਾਲ ਉਸ ਨੂੰ 45 ਤੋਂ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਮਦਨ ਹੋਵੇਗੀ। ਉਸ ਦਾ ਕਹਿਣਾ ਹੈ ਕਿ ਸ਼ਹਿਰਾਂ ਵਿੱਚ ਸ਼ੁੱਧ ਦੁੱਧ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਲੋਕ ਸ਼ੁੱਧ ਦੁੱਧ ਲਈ ਵੱਧ ਤੋਂ ਵੱਧ ਪੈਸੇ ਦੇਣ ਲਈ ਵੀ ਤਿਆਰ ਰਹਿੰਦੇ ਹਨ। ਉਸ ਨੇ ਮਾਰਕਿਟਿੰਗ ਲਈ ‘ਰੈਫਰਲ ਬਿਜ਼ਨਸ ਮਾਡਲ’ ਅਪਨਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਉਹ ਆਪਣੇ ਜਾਣਕਾਰਾਂ ਨੂੰ ਦੁੱਧ ਵੇਚੇਗਾ। ਦੁੱਧ ਮਿਆਰੀ ਹੋਣ ਕਾਰਨ ਉਸ ਦੇ ਜਾਣਕਾਰ ਅੱਗੇ ਆਪਣੇ ਹੋਰ ਜਾਣਕਾਰਾਂ ਨੂੰ ਅਮਿਤ ਦੇ ਫਾਰਮ ਦਾ ਦੁੱਧ ਲੈਣ ਲਈ ਪ੍ਰੇਰਿਤ ਕਰਨਗੇ। ਇਸ ਤਰਾਂ ਉਸ ਦਾ ਕਾਰੋਬਾਰ ਵਧਦਾ ਜਾਵੇਗਾ। ਇਸ ਸਾਰੀ ਪ੍ਰਕਿਰਿਆ ਦੌਰਾਨ ਉਹ ਮੁੱਖ ਤੌਰ ‘ਤੇ ਦੁੱਧ ਦੇ ਮਿਆਰ ਉਤੇ ਹੀ ਧਿਆਨ ਕੇਂਦਰਤ ਕਰੇਗਾ।
ਉਸ ਨੇ ਸੰਨ 2016 ਵਿੱਚ ਡੇਅਰੀ ਵਿਕਾਸ ਵਿਭਾਗ ਤੋਂ ਡੇਅਰੀ ਫਾਰਮਿੰਗ ਦੀ 15 ਰੋਜ਼ਾ ਸਿਖਲਾਈ ਵੀ ਲਈ ਸੀ ਤੇ ਹੁਣ ਵਿਭਾਗ ਉਸ ਨੂੰ ਸਬਸਿਡੀ ਉਤੇ ਬਲਕ ਮਿਲਕ ਕੂਲਰ(ਬੀ.ਐਮ.ਸੀ) ਅਤੇ ਦੁੱਧ ਪੈਕ ਕਰਨ ਵਾਲੀ ਮਸ਼ੀਨ ਵੀ ਮੁਹੱਈਆ ਕਰਵਾਏਗਾ। ਉਹ ਫਰਾਂਸ ਵਿਖੇ ਕਰਵਾਏ ਡੇਅਰੀ ਫਾਰਮਿੰਗ ਸਬੰਧੀ ਕੌਮਾਂਤਰੀ ਮੇਲੇ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ। ਅਮਿਤ ਠਾਕੁਰ ਦਾ ਕਹਿਣਾ ਹੈ ਕਿ ਚੰਗੀ ਨਸਲ ਦੀਆਂ ਗਾਵਾਂ ਦਾ ਹੋਣਾ ਵੀ ਡੇਅਰੀ ਫਾਰਮਿੰਗ ਵਿੱਚ ਕਾਮਯਾਬੀ ਲਈ ਜ਼ਰੂਰੀ ਹੈ। ਡੇਅਰੀ ਫਾਰਮਰ ਨੂੰ ਪਸ਼ੂਆਂ ਦੀਆਂ ਨਸਲਾਂ ਅਤੇ ਅੱਗੇ ਚੰਗੀਆਂ ਨਸਲਾਂ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਙ ਖੁਦ ਆਪਣੇ ਫਾਰਮ ‘ਤੇ ਪਸ਼ੂਆਂ ਦੀਆਂ ਚੰਗੀਆਂ ਨਸਲਾਂ ਤਿਆਰ ਕਰਨ ਵੱਲ ਧਿਆਨ ਦਿੰਦਾ ਹੈ। ਉਸ ਦੇ ਪਸ਼ੂ ਕਈ ਸੂਬਾ ਪੱਧਰੀ ਅਤੇ ਹੋਰ ਪਸ਼ੂ ਮੇਲਿਆਂ ਵਿੱਚ ਇਨਾਮ ਜਿੱਤ ਚੁੱਕੇ ਹਨ। ਉਹ ਲਗਾਤਾਰ ਡੇਅਰੀ ਵਿਕਾਸ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ ਤੇ ਡੇਅਰੀ ਫਾਰਮਿੰਗ ਸਬੰਧੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਦਾ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨ ਨਿਰਾਸ਼ ਹੋ ਕੇ ਕੁਰਾਹੇ ਨਾ ਪੈਣ ਸਗੋਂ ਆਪਣੀ ਪੜਾਈ-ਲਿਖਾਈ ਦੀ ਸੁਚੱਜੀ ਵਰਤੋਂ ਕਰਦਿਆਂ ਡੇਅਰੀ ਵਿਕਾਸ ਵਿਭਾਗ ਦੀ ਮਦਦ ਨਾਲ ਡੇਅਰੀ ਫਾਰਮਿੰਗ ਸ਼ੁਰੂ ਕਰ ਕੇ ਆਪਣੀ ਜ਼ਿੰਦਗੀ ਅਤੇ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਣ।






















