ਚੰਡੀਗੜ੍ਹ, 24 ਜੂਨ, 2021:ਅੱਜ ਇਥੇ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਉਹਨਾਂ ਵੱਲੋਂ ਕੁਝ ਫੈਸ਼ਨ ਡਿਜਾਈਨਰਾਂ ਨੂੰ ਵੱਡੀ ਰਕਮ ਅਦਾ ਕੀਤੇ ਜਾਣ ਦੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ। ਖਹਿਰਾ ਨੇ ਕਿਹਾ ਕਿ 2015-16 ਵਿੱਚ ਦਿਤੀਆਂ ਗਈਆਂ ਇਹ ਰਕਮਾਂ ਉਹਨਾਂ ਦੀ ਬੇਟੀ ਦੇ ਵਿਆਹ ਸਮੇਂ ਕੀਤੀ ਗਈ ਸਧਾਰਨ ਖਰੀਦਦਾਰੀ ਲਈ ਦਿੱਤੀਆਂ ਗਈਆਂ ਸਨ।
ਖਹਿਰਾ ਨੇ ਈ.ਡੀ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਚਰਿੱਤਰ ਹਨਨ ਅਤੇ ਜਨਤਕ ਵੱਕਾਰ ਨੂੰ ਢਾਹ ਲਗਾਉਣ ਦੀ ਮੁਹਿੰਮ ਨੂੰ ਬੰਦ ਕੀਤਾ ਜਾਵੇ।
ਖਹਿਰਾ ਨੇ ਕਿਹਾ ਕਿ ਹਰੇਕ ਪਰਿਵਾਰ ਵਿਸ਼ੇਸ਼ ਤੋਰ ਉੱਪਰ ਪੰਜਾਬੀ ਆਪਣੇ ਬੱਚਿਆਂ ਖਾਸ ਤੋਰ ਉੱਪਰ ਲੜਕੀਆਂ ਦੇ ਵਿਆਹਾਂ ਵਿੱਚ ਆਪਣਾ ਪੂਰਾ ਵਾਹ ਲਗਾਉਂਦੇ ਹਨ। ਖਹਿਰਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ 2015-16 ਵਿੱਚ ਆਪਣੀ ਬੇਟੀ ਅਤੇ ਪਰਿਵਾਰ ਵਾਸਤੇ ਤਿੰਨ ਵਿਆਹ ਦੇ ਜੋੜੇ ਖਰੀਦੇ ਸਨ। ਉਹਨਾਂ ਕਿਹਾ ਕਿ ਵਿਆਹ ਦੇ ਸਾਰੇ ਕੱਪੜਿਆਂ ਦੀ ਕੁੱਲ ਕੀਮਤ 7-8 ਲੱਖ ਰੁਪਏ ਹੀ ਸੀ। ਉਹਨਾਂ ਕਿਹਾ ਕਿ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਜਲੰਧਰ ਦੇ ਇੱਕ ਬੈਂਕ ਵਿਚਲੀ ਉਹਨਾਂ ਦੀ ਖੇਤੀਬਾੜੀ ਲਿਮਟ ਤੋਂ ਆਈ ਸੀ।
ਉਹਨਾਂ ਕਿਹਾ ਕਿ ਈ.ਡੀ ਵੱਲੋਂ ਇਲਜਾਮਾਂ ਨੂੰ ਇੰਝ ਪੇਸ਼ ਕੀਤਾ ਗਿਆ ਹੈ ਜਿਵੇਂ ਉਹਨਾਂ ਵੱਲੋਂ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਬਹੁਤ ਵੱਡੀ ਮਨੀ ਲਾਂਡਰਿੰਗ ਹੋਵੇ ਜਦਕਿ ਉਹਨਾਂ ਦੇ ਪਰਿਵਾਰ ਵੱਲੌਂ ਖਰੀਦੇ ਗਏ ਤਿੰਨ ਕੱਪੜਿਆਂ ਦੀ ਕੀਮਤ ਬਹੁਤ ਸਧਾਰਨ ਸੀ। ਖਹਿਰਾ ਨੇ ਕਿਹਾ ਕਿ ਸੱਭ ਜਾਣਦੇ ਹਨ ਕਿ ਲੋਕ ਵਿਆਹ ਸ਼ਾਦੀਆਂ ਲਈ ਬਹੁਤ ਮਹਿੰਗੇ ਕੱਪੜਿਆਂ ਖਰੀਦਣ ਵਾਸਤੇ 25-50 ਲੱਖ ਰੁਪਏ ਇੱਕ ਡ੍ਰੈਸ ਉੱਪਰ ਹੀ ਖਰਚ ਦਿੰਦੇ ਹਨ ਜਦਕਿ ਉਹਨਾਂ ਦੇ ਪਰਿਵਰਾ ਨੇ ਰੁਟੀਨ ਦੀਆਂ ਵਿਆਹ ਵਾਲੇ ਕੱਪੜੇ ਖਰੀਦੇ ਸਨ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਕਿ ਈ.ਡੀ ਵੱਲੋਂ ਫਰਜੀ ਪਾਸਪੋਰਟਾਂ ੳਤੇ ਫਾਜਿਲਕਾ ਨਾਲ ਸਬੰਧਿਤ ਐਨ.ਡੀ.ਪੀ.ਐਸ ਮਾਮਲੇ ਦੇ ਪੁਰਾਣੇ ਇਲਜਾਮ ਦੁਹਰਾ ਕੇ ਉਹਨਾਂ ਦਾ ਅਪਮਾਨ ਕਰਨ ਅਤੇ ਚਰਿੱਤਰ ਹਨਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਉਹ ਮੁੜ ਦੁਹਰਾਂਦੇ ਹਨ ਕਿ ਉਕਤ ਫਾਜਿਲਕਾ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਦਾ ਨਾਮ ਨਾ ਤਾਂ ਐਫ.ਆਈ.ਆਰ ਵਿੱਚ ਆਇਆ ਨਾ ਹੀ ਚਲਾਨ ਰਿਪੋਰਟ ਵਿੱਚ ਅਤੇ ਨਾ ਹੀ ਉਹਨਾਂ ਕੋਲੋਂ ਕੋਈ ਰਿਕਵਰੀ ਕੀਤੀ ਗਈ ਸੀ।
ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਇੱਕ ਸੋਚੀ ਸਮਝੀ ਸਿਆਸੀ ਸਾਜਿਸ਼ ਤਹਿਤ ਉਹਨਾਂ ਉੱਪਰ ਉਕਤ ਐਨ.ਡੀ.ਪੀ.ਐਸ ਮਾਮਲਾ ਥੋਪਿਆ ਗਿਆ ਸੀ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਦੀ ਵਧੀਆ ਕਾਰਗੁਜਾਰੀ ਦੇ ਨਤੀਜੇ ਵਜੋਂ ਇੱਕ ਮੰਤਰੀ ਨੂੰ ਕੈਬਿਨਟ ਤੋਂ ਅਸਤੀਫਾ ਦੇਣਾ ਪਿਆ ਸੀ।
ਖਹਿਰਾ ਨੇ ਕਿਹਾ ਕਿ ਉਹਨਾਂ ਦਾ ਨਾਮ 2017 ਵਿੱਚ ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਜੋੜਿਆ ਗਿਆ ਸੀ ਜਦ ਉਹ ਵਿਰੋਧੀ ਧਿਰ ਦੇ ਨੇਤਾ ਸੀ ਜਦਕਿ ਐਨ.ਡੀ.ਪੀ.ਐਸ ਫਾਜਿਲਕਾ ਮਾਮਲੇ ਵਿੱਚ ਸ਼ਾਮਿਲ ਲੋਕ 2015 ਵਿੱਚ ਗ੍ਰਿਫਤਾਰ ਕੀਤੇ ਗਏ ਸਨ ਅਤੇ 2017 ਵਿੱਚ 20 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ, ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਉੱਪਰ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ।
ਇਸੇ ਤਰਾਂ ਹੀ ਖਹਿਰਾ ਨੇ ਉਹਨਾਂ ਉੱਪਰ ਲਗਾਏ ਗਏ ਫਰਜੀ ਪਾਸਪੋਰਟ ਦੇ ਮਨਘੜਤ ਅਤੇ ਬੇਬੁਨਿਆਦ ਇਲਜਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। ਉਹਨਾ ਕਿਹਾ ਕਿ ਈ.ਡੀ ਨੇ 9 ਮਾਰਚ 2021 ਨੂੰ ਉਹਨਾਂ ਦੇ ਘਰ ਛਾਪਾ ਮਾਰਿਆ ਸੀ ਜੇਕਰ ਉਹਨਾਂ ਨੂੰ ਕੋਈ ਦਸਤਾਵੇਜ ਜਾਂ ਜਾਅਲੀ ਪਾਸਪੋਰਟ ਮਿਲੇ ਹੁੰਦੇ ਤਾਂ ਉਹ ਹੁਣ ਤੱਕ ਇਸ ਨੂੰ ਜਨਤਕ ਕਰ ਚੁੱਕੇ ਹੁੰਦੇ ਜਿਵੇਂ ਕਿ ਉਹਨਾਂ ਨੇ ਫੈਸ਼ਨ ਡਿਜਾਈਨਰਾਂ ਦੀ ਜਾਣਕਾਰੀ ਚੁਣ ਕੇ ਜਾਰੀ ਕੀਤੀ ਹੈ।