ਬੀ ਐਸ ਐਫ ਨੂੰ ਦਿੱਤੇ ਅਧਿਕਾਰ ਮੋਦੀ ਸਰਕਾਰ ਵਾਪਸ ਲਵੇ : ਰਵੀਇੰਦਰ ਸਿੰਘ
ਚੰਡੀਗੜ, 14 ਅਕਤੂਬਰ (ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਪੰਜਾਬ ਨੂੰ ਬਰਬਾਦ ਕਰਨ ਤੇ ਤੁੱਲ ਗਈ ਹੈ,ਜਿਸ ਨੇ ਪੰਜਾਬ ਅੰਦਰ ਸਰਹੱਦੀ ਖੇਤਰ ਦੇ ਨਾਲ ਲਗਦੇ 50 ਕਿਲੋਮੀਟਰ ਤੱਕ ਬੀ ਐਸ ਐਫ ਨੂੰ ਹੱਕ ਦੇ ਦਿੱਤੇ ਹਨ ਤੇ ਇਸ ਸਬੰਧੀ ਸੂਬਾ ਸਰਕਾਰਾਂ ਨੂੰ ਪੁੱਛਿਆ ਤੱਕ ਨਹੀ ਗਿਆ । ਇਹ ਸੂਬੇ ਦੇ ਹੱਕਾਂ ਤੇ ਸਿੱਧਾ ਹਮਲਾ ਹੈ ਜੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ।
ਉਨਾ ਸਪੱਸ਼ਟ ਕੀਤਾ ਕਿ ਜੇਕਰ ਪੁਲਿਸ ਦੇ ਕੰਮ ਵੀ ਬੀ ਐਸ ਐਫ ਨੇ ਕਰਨੇ ਹੈ ਤਾਂ ਸਰਹੱਦਾਂ ਦੀ ਰਾਖੀ ਕੋਣ ਕਰੂਗਾ । ਉਨਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਬੀ ਐਸ ਐਫ ਵਰਗੀ ਫੋਰਸ ਨੂੰ ਕਿਸੇ ਵੀ ਕੀਮਤ ਤੇ ਸਿਵਲੀਅਨ ਕੰਮਾਂ ਤੋ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਫੋਰਸ ਦਾ ਸਤਿਕਾਰ ਬਣਿਆ ਰਹੇ ।
ਸਾਬਕਾ ਸਪੀਕਰ ਨੇ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬਿਆਂ ਦੇ ਕੰਮਾਂ ਚ ਦਖਲ ਕਰਨਾ ਬੰਦ ਕਰੇ ਨਹੀਂ ਤਾਂ ਉਸ ਨੂੰ ਲੋੋਕਾਂ ਦੇ ਜਬਰਦਸਤ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ । ਰਵੀਇੰਦਰ ਸਿੰਘ ਨੇ ਕਿਹਾ ਕਿ ਇਵੇ ਦੀ ਕੀ ਸਥਿਤੀ ਬਣ ਗਈ ਤਾਂ ਬੀ ਐਸ ਐਫ ਨੂੰ ਵਾਧੂ ਅਧਿਕਾਰ ਦੇ ਦਿੱਤੇ ਗਏ । ਉਨਾ ਕਿਹਾ ਕਿ ਇਹ ਸਰਾਸਰ ਵਿਤਕਰਾ ਹੈ ਜੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।























