ਅੰਮ੍ਰਿਤਸਰ ਵਿੱਚ ਬੀਐੱਸਐੱਫ ਨੂੰ ਮਿਲੀ ਇੱਕ ਹੋਰ ਸਫਲਤਾ
ਬੀਐੱਸਐੱਫ ਜਵਾਨਾਂ ਨੇ ਡੇਗਿਆ ਸਰਹੱਦ ਪਾਰੋਂ ਆਇਆ ਡਰੋਨ, ਹੈਰੋਇਨ ਦੀ ਖੇਪ ਵੀ ਕੀਤੀ ਬਰਾਮਦ
ਚੰਡੀਗੜ੍ਹ 3 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਦੇਰ ਰਾਤ ਆਵਾਜ਼ ਸੁਣਨ ਤੋਂ ਬਾਅਦ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ।ਬੀਐਸਐਫ ਨੂੰ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ।
ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੀ ਹੈ। 22 ਬਟਾਲੀਅਨ ਦੇ ਜਵਾਨ ਬੀਓਪੀ ਕੱਕੜ ਨੇੜੇ ਗਸ਼ਤ ‘ਤੇ ਸਨ। ਦੇਰ ਰਾਤ ਉਨ੍ਹਾਂ ਨੇ ਅਚਾਨਕ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਵੇਰੇ ਬੀਐਸਐਫ ਜਵਾਨਾਂ ਨੇ ਤਲਾਸ਼ੀ ਦੌਰਾਨ ਪਿੰਡ ਕੱਕੜ ਦੇ ਖੇਤ ਵਿੱਚੋਂ ਡਰੋਨ ਬਰਾਮਦ ਕੀਤਾ ਹੈ। ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਵੱਡਾ ਮੈਟ੍ਰਿਕਸ ਡਰੋਨ ਹੈ। ਜਿਸ ਨਾਲ ਪੀਲੇ ਰੰਗ ਦਾ ਪੈਕਟ ਵੀ ਬੰਨ੍ਹਿਆ ਹੋਇਆ ਸੀ। ਫਿਲਹਾਲ ਪੈਕੇਟ ਨਹੀਂ ਖੋਲ੍ਹਿਆ ਗਿਆ ਹੈ। ਸੁਰੱਖਿਆ ਜਾਂਚ ਤੋਂ ਬਾਅਦ ਪੈਕੇਟ ਨੂੰ ਖੋਲ੍ਹਿਆ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੈਕਟ ਵਿੱਚ ਕਰੀਬ 5 ਕਿਲੋ ਹੈਰੋਇਨ ਹੋ ਸਕਦੀ ਹੈ।