ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਸ਼ੱਕੀ ਕੇਸਾਂ ਦੀ ਢੁਕਵੀਂ ਜਾਂਚ ਨੂੰ ਯਕੀਨੀ ਬਣਾਉਣ
4.73 ਕਰੋੜ ਰੁਪਏ ਦੀ ਲਾਗਤ ਨਾਲ ਦਿਲ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਗਿਆ
ਸਰਕਾਰੀ ਹਸਪਤਾਲਾਂ ‘ਚ ਹੁਣ ਤੱਕ ਕੁੱਲ 84701 ਬੱਚਿਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ
ਚੰਡੀਗੜ੍ਹ, 25 ਜੂਨ () : ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦਿਆਂ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ ਤਹਿਤ ਮੋਬਾਈਲ ਸਿਹਤ ਟੀਮਾਂ ਨੂੰ ਮਿੱਥੇ ਸਮੇਂ ‘ਚ ਗੰਭੀਰ ਬਿਮਾਰੀਆਂ ਤੋਂ ਪੀੜਿਤ ਬੱਚਿਆਂ ਦਾ ਇਲਾਜ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਢਲੀ ਜਾਂਚ, ਰੈੱਫ਼ਰ ਕਰਨਾ, ਬਿਮਾਰੀਆਂ ਤੋਂ ਪੀੜਿਤ ਬੱਚਿਆਂ ਲਈ ਢੁਕਵੇਂ ਪ੍ਰਬੰਧ ਕਰਨਾ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਆਰ.ਬੀ.ਐੱਸ.ਕੇ. ਦੇ ਮੁੱਖ ਅੰਸ਼ ਹਨ। ਉਨ੍ਹਾਂ ਅੱਗੇ ਕਿਹਾ ”ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਈ ਮਾਮਲਿਆਂ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਿਤ ਬੱਚਿਆਂ (ਨਿਊਰੋ-ਮੋਟਰ ਇੰਮਪੇਅਰਮੈਂਟ ਤੇ ਹੋਰ ਗੰਭੀਰ ਬਿਮਾਰੀਆਂ ) ਨੂੰ ਇਲਾਜ ਜਲਦ ਮੁਹੱਇਆ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ ਵੀ ਕਾਊਂਸਲਿੰਗ ਕਰਨ ਦੀ ਲੋੜ ਪੈਂਦੀ ਹੈ ਜੋ ਮੋਬਾਇਲ ਸਿਹਤ ਟੀਮਾਂ ਦੀ ਮੁੱਖ ਜ਼ਿੰਮੇਵਾਰੀ ਹੈ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਅਸੀਂ ਆਰ.ਬੀ.ਐੱਸ.ਕੇ. ਦੀਆਂ ਮੋਬਾਈਲ ਸਿਹਤ ਟੀਮਾਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਉਹ ਆਮ ਬਿਮਾਰੀਆਂ ਤੋਂ ਪ੍ਰਭਾਵਿਤ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਨੂੰ ਢੁੱਕਵੀਂ ਜਾਂਚ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ। ਉਹਨਾਂ ਅੱਗੇ ਕਿਹਾ ਕਿ ਸੂਬੇ ਦੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਬਿਮਾਰੀ ਦਾ ਪਹਿਲੇ ਪੜ੍ਹਾਅ ਵਿੱਚ ਪਤਾ ਲਗਾਉਣਾ ਅਤੀ ਜ਼ਰੂਰੀ ਹੁੰਦਾ ਹੈ ਤਾਂ ਜੋ ਬੱਚੇ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਬਿਮਾਰੀ ਦਾ ਪਤਾ ਲੱਗਣ ਵਿੱਚ ਸਮਾਂ ਲੱਗਦਾ ਹੈ ਜਾਂ ਫਿਰ ਇਲਾਜ ਵਿੱਚ ਦੇਰੀ ਹੁੰਦੀ ਹੈ ਤਾਂ ਬੱਚਿਆਂ ਦੇ ਮੁੜ ਤੰਦਰੁਸਤ ਹੋਣ ਵਿੱਚ ਵੀ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਮਾਹਿਰਾਂ ਨੇ ਸਿੱਧ ਕੀਤਾ ਹੈ ਕਿ ਬੱਚੇ ਦੇ ਜਨਮ ਤੋਂ ਲੈ ਕੇ 6 ਸਾਲ ਤੱਕ ਦਾ ਸਮਾਂ ਸਾਰੇ ਬੱਚਿਆਂ ਲਈ ਬਹੁਤ ਗੰਭੀਰ ਹੁੰਦਾ ਹੈ। ਜਿਸ ਲਈ ਬੱਚਿਆਂ ਦੇ ਵਿਕਾਸ ਵਿੱਚ ਦੇਰੀ ਹੋਣ ਵਾਲੇ ਮਾਮਲਿਆਂ ਵਿੱਚ ਮਾਪਿਆਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਇਸ ਕਰਕੇ ਪਹਿਲਾਂ ਹੀ ਬਿਮਾਰੀ ਦੀ ਪਹਿਚਾਣ ਅਤੇ ਜਾਂਚ ਕਰਕੇ ਬੱਚਿਆਂ ਦੀ ਜੀਵਨ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਏ ਜਾ ਸਕਦੇ ਹਨ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 2017-18 ਦੌਰਾਨ 31 ਬਿਮਾਰੀਆਂ ਲਈ ਜਾਰੀ ਸੂਚੀ ਦੇ ਆਧਾਰ ‘ਤੇ ਸਾਰੇ 19760 ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ਅਤੇ ਆਂਗਵਾੜੀ ਕੇਂਦਰਾਂ (26533) ਦੇ ਬੱਚਿਆਂ ਦੀ ਮੁਕੰਮਲ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ 4.73 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬੱਚਿਆਂ ਨੂੰ ਤੀਜੀ ਸ੍ਰੇਣੀ ਦੀਆਂ ਮਿਆਰੀ ਸਿਹਤ ਸੇਵਾਵਾਂ ਮੁਹੱਇਆ ਕਰਵਾਈਆਂ ਗਈਆਂ ਹਨ ਜਿਸ ਅਧੀਨ 584 ਬੱਚਿਆਂ ਦਾ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਪੀ.ਜੀ.ਆਈ. , ਫੋਰਟੀਜ਼, ਸੀ.ਐਮ.ਸੀ. ਤੇ ਡੀ.ਐਮ.ਸੀ. ਵਿਖੇ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਥੈਲਾਸੀਮੀਆ ਤੋਂ ਪੀੜਿਤ 243 ਬੱਚਿਆਂ ਦਾ ਇਲਾਜ ਵੱਖ ਵੱਖ ਥੈਲਾਸੀਮਿਕ ਸੋਸਾਇਟੀਆਂ ਤੇ ਜਿਲ੍ਹਾ ਹਸਪਤਾਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਪ੍ਰੈਲ 2017 ਤੋਂ ਮਈ 2018 ਤੱਕ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ 31 ਨਿਸ਼ਚਿਤ ਕੀਤੀਆਂ ਬੀਮਾਰੀਆਂ ਦੇ ਇਲਾਜ ਲਈ ਕੁੱਲ 84701 ਬੱਚਿਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਇਆ ਗਿਆ ਹੈ।