4800 ਪਿੰਡਾਂ ਵਿਚ ਬਿਜਲੀ ਕਮੇਟੀਆਂ ਦਾ ਕੀਤਾ ਗਠਨ
ਚੰਡੀਗੜ੍ਹ, 27 ਫਰਵਰੀ – ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਦੇ ਤਹਿਤ ‘ਆਪ’ ਆਗੂਆਂ ਨੇ ਹੁਣ ਤੱਕ ਸੂਬੇ ਦੇ ਕਰੀਬ 6000 ਪਿੰਡਾਂ ਤੱਕ ਪਹੁੰਚ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਆਗੂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਬਿਜਲੀ ਸੁਣਵਾਈਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਣਵਾਈਆਂ ਦੇ ਦੌਰਾਨ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪੀੜਿਤ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਂਦਾ ਹੈ।
ਮਾਨ ਨੇ ਦੱਸਿਆ ਕਿ ਬਿਜਲੀ ਸੁਣਵਾਈ ਦੌਰਾਨ ਗ਼ਰੀਬ ਵਿਅਕਤੀਆਂ ਜਿੰਨਾ ਦੇ ਘਰ ਇੱਕ ਬਲਬ ਜਾਂ ਪੱਖਾ ਹੀ ਚੱਲਦਾ ਹੈ ਉਨ੍ਹਾਂ ਦੇ ਵੀ ਹਜ਼ਾਰਾਂ ਰੁਪਏ ਵਿਚ ਬਿੱਲ ਆਉਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਪੀੜਿਤ ਪਰਿਵਾਰ ਨੂੰ ਨਾਲ ਲੈ ਕੇ ਬਿਜਲੀ ਅਧਿਕਾਰੀਆਂ ਨਾਲ ਮਿਲ ਰਹੇ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ‘ਆਪ’ ਆਗੂਆਂ ਦੇ ਦਬਾਅ ਕਾਰਨ ਬਿਜਲੀ ਦੇ ਬਿੱਲ ਘਟਾਉਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਆਮ ਲੋਕਾਂ ਲਈ ਸਕੂਨ ਦੇਣ ਵਾਲਾ ਹੈ।
ਮਾਨ ਨੇ ਦੱਸਿਆ ਕਿ ਅੱਜ ਵੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਡਿਆਲ ਅਤੇ ਮਹਿਲਾਂ ਪਿੰਡ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਬੁਢਲਾਡਾ ਦੇ ਦਲੇਰਵਾਲਾ, ਲਖਮੀਰਵਾਲਾ, ਅੱਕਾਵਾਲਾ, ਜੋਈਆਂ, ਪਹਾੜਵਾਲਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ, ਵਿਧਾਇਕ ਅਮਨ ਅਰੋੜਾ ਨੇ ਈਲਵਾਲ, ਗੱਗੜਪੁਰ, ਕਮੋਮਾਜਰਾ ਕਲਾਂ, ਖੁਰਾਨੀਆਂ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਦੇ ਪਿੰਡਾਂ ਦਾ ਦੌਰਾ ਕਰਕੇ ਬਿਜਲੀ ਸੁਣਵਾਈਆਂ ਕੀਤੀਆਂ।
ਮਾਨ ਨੇ ਦੱਸਿਆ ਕਿ ਬਿਜਲੀ ਅੰਦੋਲਨ ਦੇ ਤਹਿਤ ਦੌਰਾ ਕੀਤਾ ਗਏ 6 ਹਜ਼ਾਰ ਪਿੰਡਾਂ ਵਿਚੋਂ 4800 ਪਿੰਡਾਂ ਵਿਚ ਬਿਜਲੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਜਲੀ ਕਮੇਟੀਆਂ ਪੀੜਿਤ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕਰਕੇ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੀਆਂ।
ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਲਗਾਉਂਦਿਆਂ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਮੁਨਕਰ ਹੋ ਰਹੇ ਹਨ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਮੁੱਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਝੂਠੇ ਇਕਰਾਰਨਾਮੇ ਰੱਦ ਨਾ ਕਰਨਾ ਬਾਦਲਾਂ ਅਤੇ ਕੈਪਟਨ ਦੀ ਮਿਲੀਭੁਗਤ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਉਂਦੀਆਂ ਚੋਣਾਂ ਵਿਚ ਕਾਂਗਰਸ ਨੂੰ ਸਬਕ ਸਿਖਾਉਣਗੇ।