ਪਟਿਆਲਾ, 16 ਮਈ- ਪਟਿਆਲਾ ਹਲਕੇ ਦੀ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਉਹਨਾਂ ਨੂੰ ਖੁਲਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਘੁੰਮਣ ਅਤੇ ਸੈਕਟਰੀ ਸਚਿਨ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਡੇ ਪਰਿਵਾਰ ਵਾਂਗ ਹਨ। ਜਿਹਨਾਂ ਨੇ ਬਾਰ ਐਸੋਸੀਏਸ਼ਨ ਅਤੇ ਪਟਿਆਲੇ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ, ਇਸ ਲਈ ਅਸੀਂ ਪਰਨੀਤ ਕੌਰ ਨੂੰ ਖੁਲਾ ਸਮਰਥਨ ਦੇਣ ਦਾ ਫ਼ੈਸਲਾ ਲਿਆ ਹੈ।
ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਬਾਰ ਐਸੋਸੀਏਸ਼ਨ ਦੀ ਹਰ ਮੰਗ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਹਾਂ ਅਤੇ ਅੱਗੇ ਤੋਂ ਵੀ ਐਸੋਸੀਏਸ਼ਨ ਨਾਲ ਖੜਦੇ ਰਹਾਂਗੇ।
ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਦੁਰਪ੍ਰਬੰਧਾਂ ਦਾ ਖਮਿਆਜਾ ਸਾਡੀ ਸਰਕਾਰ ਭੁਗਤ ਰਹੀ ਹੈ, ਜਿਸ ਕਰਾਨ ਸੂਬੇ ਦੇ ਲੋਕਾਂ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਰੁਜ਼ਗਾਰੀ ਅਤੇ ਆਰਥਿਕ ਸਮੱਸਿਆਵਾਂ ਲਈ ਉਦਯੋਗੀਕਰਨ ਨੂੰ ਇੱਕੋਂ ਇੱਕ ਹੱਲ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਨੂੰ ਉਦਯੋਗ ਦਾ ਧੁਰਾ ਬਣਾਵੇਗੀ ਅਤੇ ਪਟਿਆਲਾ ਦੇ ਨੌਜਾਵਨਾਂ ਲਈ 1 ਲੱਖ ਹੋਰ ਨੌਕਰੀਆਂ ਪੈਦਾ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਬਦ ਕਿਸਮਤੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਰਹੱਦ ‘ਤੇ ਦੁਸ਼ਮਣਾ ਨਾਲ ਲੜਨ ਦਾ ਸਿਹਰਾ ਵੀ ਆਪਣੇ ਸਿਰ ਬੰਨ ਰਿਹਾ ਹੈ। ਉਹਨਾਂ ਕਿਹਾ ਕਿ ਥਲ ਅਤੇ ਹਵਾਈ ਫ਼ੌਜਾਂ ਦੀਆਂ ਪ੍ਰਾਪਤੀਆਂ ਉਤੇ ਪੰਜਾਬ ਨੂੰ ਮਾਣ ਹੈ, ਪਰ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਜੰਗ ਨਹੀਂ ਚਾਹੁੰਦਾ।
ਇਸ ਮੌਕੇ ਪਟਿਆਲਾ ਹਲਕੇ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਬਾਰ ਐਸੋਸੀਏਸ਼ਨ ਵਲੋਂ ਉਹਨਾਂ ਨੂੰ ਦਿੱਤੇ ਸਮਰਥਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਸਮੇਤ ਪੂਰਾ ਪਟਿਆਲਾ ਹੀ ਉਹਨਾਂ ਦੇ ਪਰਿਵਾਰ ਵਾਂਗ ਹੈ ਅਤੇ ਉਹ ਪਰਿਵਾਰ ਦੀ ਬਿਹਤਰੀ ਲਈ ਹਰ ਸਮੇਂ ਹਰ ਮੈਂਬਰ ਲਈ ਤੱਤਪਰ ਰਹਿੰਦੇ ਹਨ। ਪਰਨੀਤ ਕੌਰ ਨੇ ਭਰੋਸਾ ਦੁਆਇਆ ਕਿ ਉਹ ਸਾਰੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਜਤਿੰਦਰਪਾਲ ਸਿੰਘ ਘੁੰਮਣ, ਸੈਕਟਰੀ ਸਚਿਨ ਸ਼ਰਮਾ, ਮੀਤ ਪ੍ਰਧਾਨ ਸ਼ਿਵਮ ਸ਼ਰਮਾ, ਖਜਾਨਚੀ ਪਵਨ ਕੁਮਾਰ, ਲਾਇਬਰੇਰੀਅਨ ਪੰਕਜ ਸ਼ਰਮਾ ਅਤੇ ਹੋਰਨਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਨੂੰ ਇੱਕ ਯਾਦਗਾਰੀ ਫੋਟੋ ਦੇ ਕੇ ਸਨਮਾਨਤ ਕੀਤਾ ਗਿਆ।
ਫੋਟੋ ਕੈਪਸ਼ਨ- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਪਟਿਆਲਾ ਦੇ ਕਾਂਗਰਸ ਆਈ ਉਮੀਦਵਾਰ ਪਰਨੀਤ ਕੌਰ ਦਾ ਬਾਰ ਐਸੋਸੀਏਸ਼ਨ ਪਟਿਆਲਾ ਵਿਖੇ ਪਹੁੰਚਣ ਤੇ ਉਹਨਾਂ ਦਾ ਸਨਮਾਨ ਕਰਦੇ ਹੋਏ ਐਸੋਸੀੲੈਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਘੁੰਮਣ, ਸੈਕਟਰੀ ਸਚਿਨ ਸ਼ਰਮਾ ਅਤੇ ਹੋਰ।
2 ਇਸ ਮੌਕੇ ਇਕੱਠੇ ਹੋਏ ਬਾਰ ਐਸੋਸੀਏਸ਼ਨ ਪਟਿਆਲਾ ਦੇ ਮੈਂਬਰ ਸਹਿਬਾਨ