ਗੈਰ-ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਕੈਪਟਨ ਨੇ 70 ਸਾਲਾਂ ਦੇ ਰਿਕਾਰਡ ਤੋੜੇ-ਹਰਪਾਲ ਸਿੰਘ ਚੀਮਾ
ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਤਾਕ ‘ਚ ਬੈਠੀਆਂ ਫ਼ਿਰਕਾਪ੍ਰਸਤ ਤਾਕਤਾਂ ਵਿਰੁੱਧ ਮਤਾ ਪਾਸ ਕਰੇ ਸਦਨ
ਚੰਡੀਗੜ੍ਹ, 25 ਨਵੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ 26 ਨਵੰਬਰ ਨੂੰ ਭਾਰਤੀ ਸੰਵਿਧਾਨ ਦਿਵਸ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ‘ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੈਰ-ਹਾਜ਼ਰ ਰਹਿਣ ਦੀਆਂ ਸੰਭਾਵਨਾਵਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਜਿਹੇ ਮਹੱਤਵਪੂਰਨ ਅਤੇ ਗੌਰਵਸ਼ਾਲੀ ਮੌਕੇ ‘ਤੇ ਮੁੱਖ ਮੰਤਰੀ ਦੀ ਸਦਨ ‘ਚ ਗੈਰ ਹਾਜ਼ਰੀ ਨਾ ਕੇਵਲ ਸੰਵਿਧਾਨ ਦਿਵਸ ਸਗੋਂ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਵੀ ਤੌਹੀਨ ਹੋਵੇਗੀ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ‘ਕਿਚਨ ਕੈਬਨਿਟ’ ਨਾਲ ਵਿਦੇਸ਼ਾਂ ਦੀ ਸੈਰ ‘ਤੇ ਹਨ। ਯੂਰਪ ‘ਚ ਸ਼ਿਕਾਰ ਖੇਡਣਾ ਅਤੇ ਮੌਜ ਮਸਤੀ ਕਰਨਾ ‘ਰਾਜੇ-ਮਹਾਰਾਜਿਆਂ’ ਦਾ ਸ਼ੌਕ ਰਿਹਾ ਹੋਵੇਗਾ, ਪਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਪਟਿਆਲਾ ਦੇ ਸ਼ਾਹੀ ਖ਼ਾਨਦਾਨ ਕਾਰਨ ਨਹੀਂ ਸਗੋਂ ਸੰਵਿਧਾਨ ਦੇ ਧਾਗੇ ‘ਚ ਪਰੋਈ ਭਾਰਤੀ ਲੋਕਤੰਤਰਿਕ ਵਿਵਸਥਾ ਤਹਿਤ ਮਿਲੀ ਹੋਈ ਹੈ। ਚੀਮਾ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਆਪਣੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ‘ਚ ਕੈਪਟਨ ਅਮਰਿੰਦਰ ਸਿੰਘ ਹਰ ਮੁਹਾਜ਼ ‘ਤੇ ਅਸਫਲ ਸਾਬਤ ਹੋਏ ਹਨ।
ਚੀਮਾ ਅਨੁਸਾਰ ”ਗੈਰ-ਜ਼ਿੰਮੇਵਾਰੀ ਅਤੇ ਨਿਖਿੱਧ ਕਾਰਗੁਜ਼ਾਰੀ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੇ 70 ਸਾਲਾਂ ‘ਚ ਬਣੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਫ਼ਿਰਕਾਪ੍ਰਸਤ ਦੇ ਰਾਹ ਤੁਰੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੰਵਿਧਾਨ ਨੂੰ ਬਦਲਣ ਅਤੇ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਮੁੱਖ ਮੰਤਰੀ ਲਈ ‘ਸੰਵਿਧਾਨ ਦਿਵਸ’ ਵੀ ਕੋਈ ਮਾਅਨੇ ਨਹੀਂ ਰੱਖਦਾ। ਚੀਮਾ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ ਦਿਵਸ ਮੌਕੇ ਸਦਨ ‘ਚ ਹੁੰਦੇ ਅਤੇ ਸਮੁੱਚਾ ਸਦਨ ਇੱਕਜੁੱਟ ਅਤੇ ਇਕਸੁਰ ਹੋ ਕੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਖੋਖਲਾ ਕਰ ਰਹੀਆਂ ਫ਼ਿਰਕਾਪ੍ਰਸਤ ਤਾਕਤਾਂ ਵਿਰੁੱਧ ਸਦਨ ਸਰਬਸੰਮਤੀ ਨਾਲ ਮਤਾ ਪਾਸ ਕਰਦੇ।