ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਹੋਏ ਵਿਵਾਦ ਤੋਂ ਨਾਖ਼ੁਸ਼ ਡਾ.ਗੁਰਪ੍ਰੀਤ ਵਾਂਡਰ
ਸਰਕਾਰ ਨੂੰ ਆਪਣਾ ਨਾਮ ਪੈਨਲ ਵਿੱਚੋਂ ਕੱਢਣ ਦੀ ਕੀਤੀ ਅਪੀਲ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ 13 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਨਾਖੁਸ਼ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣ ਵਾਲੇ 3 ਨਾਵਾਂ ਦੇ ਪੈਨਲ ਵਿੱਚੋਂ ਉਨ੍ਹਾਂ ਦਾ ਨਾਂ ਹਟਾਇਆ ਜਾਵੇ। ਹੋਰ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੇ ਵੀਸੀ ਦੇ ਅਹੁਦੇ ਲਈ ਕਿਸੇ ਹੋਰ 3 ਨਾਵਾਂ ‘ਤੇ ਵਿਚਾਰ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਨਾਲ ਸਬੰਧਤ ਫਾਈਲ ਵਾਪਸ ਕਰ ਦਿੱਤੀ ਸੀ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਡਾ: ਗੁਰਪ੍ਰੀਤ ਸਿੰਘ ਵਾਂਡਰ ਦੇ ਨਾਂ ਦੀ ਸਿਫ਼ਾਰਸ਼ ਕੀਤੀ ਗਈ ਸੀ। ਰਾਜਪਾਲ ਨੇ 3 ਨਾਵਾਂ ਦਾ ਪੈਨਲ ਭੇਜਣ ਲਈ ਕਿਹਾ ਸੀ ਪਰ ਅਜੇ ਤੱਕ ਪੈਨਲ ਨਹੀਂ ਭੇਜਿਆ ਗਿਆ ਹੈ।