ਬਾਬਰ, ਔਰੰਗਜ਼ੇਬ ਤੇ ਹਿਟਲਰ ਦੀਆਂ ਰੂਹਾਂ ਨੂੰ ਭਾਰਤ ਜੂਹ ਤੋਂ ਖਦੇੜਣ ਦੀ ਲੋੜ-ਸੰਜੀਵਨ

ਚੰਡੀਗੜ੍ਹ,28ਜਨਵਰੀ(ਵਿਸ਼ਵ ਵਾਰਤਾ) ਕਹਿੰਦੇ ਨੇ ਰੂਹਾਂ ਕਦੇ ਵੀ ਕਿਤੇ ਵੀ ਆ ਜਾ ਸਕਦੀਆ ਹਨ, ਕਿਸੇ ਦੇ ਵੀ ਸਰੀਰ ਵਿਚ ਪ੍ਰਵੇਸ਼ ਕਰ ਸਕਦੀਆਂ ਹਨ।ਇਸੇ ਤਰਾਂ ਬਾਬਰ, ਔਰੰਗਜ਼ੇਬ ਤੇ ਹਿਟਲਰ ਦੀਆਂ ਰੂਹਾਂ ਸੰਸਾਰ ਦੇ ਕਦੇ ਕਿਸੇ ਹਾਕਿਮ ਦੇ ਸਰੀਰ ਵਿਚ ਘੁੱਸ ਜਾਦੀਆ ਹਨ, ਕਦੇ ਕਿਸੇ ਦੇ।ਅੱਜ-ਕੱਲ ਇਨਾਂ ਰੂਹਾਂ ਦਾ ਵਾਸਾ ਭਾਰਤ ਦੇ ਹਾਕਿਮ ਦੇ ਸਰੀਰ ਵਿਚ ਹੈ।ਜੋ ਆਪਣੇ ਦੇਸ ਤੇ ਲੋਕਾਂ ਦਾ ਘਾਣ ਕਰਨ ਉਪਰ ਉਤਾਰੂ ਹੈ।ਬਾਬਰ, ਔਰੰਗਜ਼ੇਬ ਤੇ ਹਿਟਲਰ ਦੀਆਂ ਬਦਰੂਹਾਂ ਨੂੰ ਭਾਰਤ ਜੂਹਾਂ ਤੋਂ ਖਦੇੜਣ ਦੀ ਲੋੜ ਹੈ।
ਭਾਰਤ ਵਿਚ ਫੈਲ ਚੁੱਕੇ ਕਿਸਾਨ ਅੰਦੋਲਨ ਦੇ ਸਬੰਧ ਵਿਚ ਵਿਚਾਰ ਵਿਅਕਤ ਕਰਦੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਹਾਕਿਮ ਦੇ ਕਰਿੰਦਿਆਂ ਅਤੇ ਗੋਦੀ ਮੀਡੀਆ ਵਲੋਂ ਆਪਹੁਦਰੀਆਂ ਅਤੇ ਕੂੜ-ਪ੍ਰਚਾਰ ਕਰਕੇ ਅੰਦੋਲਨ ਨੂੰ ਖੇਰੂੰ-ਖੇਰੂੰ, ਕਮਜ਼ੋਰ ਅਤੇ ਬਦਨਾਮ ਕਰਨ ਦੀ ਨਾਪਾਕਿ ਸਾਜਿਸ਼ ਕੀਤੀ ਹੈ।ਪਰ ਨਾ ਤਾਂ ਰਾਸ਼ਟਰੀ ਪੱਧਰ ਉਪਰ ਫੈਲ ਚੁੱਕੇ ਕਿਸਾਨ/ਇਨਸਾਨ ਅੰਦੋਲਨ ਦੀ ਰਫਤਾਰ ਮੱਠੀ ਹੋਵੇਗੀ ਤੇ ਨਾ ਹੀ ਸੰਘਰਸ਼ੀ ਯੋਧਿਆਂ ਦੇ ਹੌਸਲੇ ਪਸਤ ਹੋਣਗੇ।ਸਗੋਂ ਭਾਰਤ ਦੇ ਲੋਕ ਗੁਰੁ, ਪੀਰਾਂ, ਸੂਰਬੀਰਾਂ ਤੇ ਯੋਧਿਆਂ ਤੋ ਪ੍ਰੇਰਣਾ ਤੇ ਹਿੰਮਤ ਲੈਕੇ ਬਾਬਰ, ਔਰੰਗਜ਼ੇਬ ਤੇ ਹਿਟਲਰ ਦੀਆਂ ਰੂਹਾਂ ਨੂੰ ਦੇਸ ਦੀ ਜੂਹ ਤੋਂ ਖਦੇੜ ਦੇਣਗੇ।






















