ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫ਼ਰ ਵੱਲੋਂ ਘਰ ਜਾਕੇ ਪਰਿਵਾਰ ਨੂੰ ਦਿੱਤਾ ਭਰੋਸਾ
ਮਾਨਸਾ 21 ਸਤੰਬਰ (ਵਿਸ਼ਵ ਵਾਰਤਾ)-ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਦੇ ਘਰ ਅੱਗੇ ਖੁਦਕੁਸ਼ੀ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਬੁਜ਼ਰਗ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਪੰਚਾਇਤ,ਕਲੱਬ ਅਤੇ ਪਰਿਵਾਰ ਜਹਾਨੋਂ ਕੂਚ ਕਰ ਗਏ ਵਿਅਕਤੀ ਦੀ ਯਾਦ ਵਿੱਚ ਕੋਈ ਵੀ ਯਾਦਗਾਰ ਪਿੰਡ ਵਿੱਚ ਬਣਾਈ ਜਾ ਸਕਦੀ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ-ਸੁੱਖ ਕਰਦਿਆਂ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਾਥ ਦੇਣ ਲਈ ਭਰੋਸਾ ਦੇਣ ਦਾ ਦਾਅਵਾ ਵੀ ਜਿਤਾਇਆ ਗਿਆ ਹੈ।
ਸ੍ਰੀ ਮੋਫ਼ਰ ਨੇ ਇਸ ਪੱਤਰਕਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਕਿਸਾਨ ਨੇ ਭਾਵੁਕ ਹੋਕੇ ਸਾਬਕਾ ਮੁੱਖ ਮੰਤਰੀ ਦੇ ਘਰ ਅੱਗੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ,ਜਿਸ ਨੂੰ ਬੇਸ਼ੱਕ ਚੰਗਾ ਭਾਵੇਂ ਨਹੀਂ ਮੰਨਿਆ ਜਾਂਦਾ, ਪਰ ਜਿਹੜੇ ਹਲਾਤ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚਲੇ ਕਿਸਾਨਾਂ ਦੇ ਤਿੰਨ ਖੇਤੀ ਆਰਡੀਨੈਂਸ ਲਿਆਕੇ ਕਰ ਦਿੱਤੇ ਹਨ, ਉਸਨੇ ਪ੍ਰੀਤਮ ਸਿੰਘ ਵਰਗੇ ਬੁਜ਼ਰਗ ਕਿਸਾਨਾਂ ਦੇ ਮਨਾਂ ਵਿੱਚ ਅਨੇਕਾਂ ਤੌਖ਼ਲੇ ਖੜ੍ਹੇ ਕਰ ਦਿੱਤੇ ਹਨ, ਜਿਸ ਨਾਲ ਹਰੀ ਕ੍ਰਾਂਤੀ ਦੇ ਨਾਇਕ ਨੂੰ ਹੁਣ ਮਾਨਸਿਕ ਪੀੜਾਂ ਵਿਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਹ ਕੇਂਦਰ ਵਲੋਂ ਜਬਰੀ ਲਾਗੂ ਕੀਤੇ ਜਾ ਰਹੇ ਅਜਿਹੇ ਕਿਸੇ ਵੀ ਕਾਨੂੰਨ ਨੂੰ ਇਸ ਰਾਜ ਵਿੱਚ ਲਾਗੂ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਕਿਸੇ ਕਿਸਾਨ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਕੋਈ ਵੀ ਤਕਲੀਫ਼ ਜਾਂ ਪੁਲੀਸ ਪਰਚੇ ਦਾ ਹਿੱਸਾ ਨਹੀਂ ਬਣਨ ਦੇਵੇਗੀ।