ਬਾਦਲ ਅਕਾਲੀ ਦਲ ਦੀ ਲੀਡਰਸ਼ਿੱਪ ਦੀਆਂ ਗਲਤੀਆਂ ਕਾਰਨ ਅੱਜ ਸਭ ਤੋ ਜਿਆਦਾ ਪੀੜਤ ਹੈ ਕਿਸਾਨ -ਰਵੀਇੰਦਰ ਸਿੰਘ

ਮੋਹਾਲੀ 11 ਅਗਸਤ ( ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਿਸਾਨ ਅੰਦੋਲਨ ਪ੍ਰਤੀ,ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਅੱਜ ਪੰਜਾਬ ਦਾ ਅੰਨਦਾਤਾ ਸਭ ਤੋ ਜਿਆਦਾ ਪੀੜਤ ਹੈ,ਜਿਸ ਨੇ ਦੇਸ਼ ਨੂੰ ਅਨਾਜ ਚ ਆਤਮ ਨਿਰਭਰ ਕੀਤਾ ਹੈ । ਉਨ੍ਹਾਂ ਬੜੀ ਹੈਰਾਨੀ ਨਾਲ ਕਿਹਾ ਕਿ ਅੱਜ ਦਾ ਲੋਕਤੰਤਰ ਡਿਕਟੇਟਰਸ਼ਿਪ ਚ ਤਬਦੀਲ ਹੋ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਵਿਰੋਧੀ ਧਿਰ ਦੀ ਕੋਈ ਪ੍ਰਵਾਹ ਨਹੀ ਕਰ ਰਹੇ । ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ,ਜਿਸ ਤੋ ਮੁਗਲ ਤੇ ਅੰਗਰੇਜ ਖੌਫ ਖਾਂਦੇ ਹਨ ਪਰ ਅੱਜ ਦੀ ਸਿੱਖ ਲੀਡਰਸ਼ਿਪ ਨੂੰ ਮੌਜੂਦਾ ਹਾਕਮਰਾਨ ਟਿੱਚ ਸਮਝ ਰਿਹਾ ਹੈ ।
ਰਵੀਇੰਦਰ ਸਿੰਘ ਮੁਤਾਬਕ ਕੌਮਾਂ ਸਿਧਾਂਤ ਦੇ ਸਿਰ ਤੇ ਵਿਰੋਧੀਆਂ ਨੂੰ ਚਿੱਤ ਕਰਦੀਆਂ ਹਨ ਪਰ ਅਫਸੋਸ ਹੈ ਕਿ ਬਾਦਲਾਂ ਕੁਰਸੀ ਮੋਹ ਕਾਰਨ,ਸ਼੍ਰੋਮਣੀ ਅਕਾਲੀ ਦਲ ਦੀ ਬੜਕ ਖਤਮ ਹੀ ਕਰ ਦਿਤੀ ਹੈ । ਉਨਾ ਕੇਂਦਰ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਹਕੂਮਤਾਂ ਆਂਉਦੀਆਂ ਤੇ ਜਾਂਦੀਆਂ ਹਨ ਪਰ ਅਸੂਲ ਅਤੇ ਸਿਧਾਂਤ ਕਦੇ ਖਤਮ ਨਹੀ ਹੁੰਦੇ ।
ਕਿਸਾਨ ਆਪਣੇ ਹੱਕਾਂ ਲਈ ਲੜ ਰਿਹਾ ਹੈ । ਜਿਸ ਤੇ ਮਿਹਨਤਕਸ਼ ਜਮਾਤ ਅਤੇ ਆਮ ਲੋਕ ਨਿਰਭਰ ਹਨ ।ਉਨ੍ਹਾਂ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਜੋਰ ਦਿੱਤਾ । ਰਵੀਇੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਖਿਲਾਫ ਵੱਡੇ ਅੰਦੋਲਨ ਦਾ ਐਲਾਨ ਕਰਨ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ । ਪ੍ਰਧਾਨ ਮੰਤਰੀ ਮੋਦੀ ਨੇ ਪੂੰਜੀਪਤੀਆਂ ਦੇ ਅੱਗੇ ਗੋਡੇ ਟੇਕ ਦਿੱਤੇ ਹਨ । ਦੂਸਰੇ ਪਾਸੇ ਕਿਸਾਨ ਆਪਣੀ ਜਮੀਨ ਦੀ ਹਿਫਾਜਤ ਲਈ ਅੰਦੋਲਨ ਕਰ ਰਿਹਾ ਹੈ ਤਾਂ ਜੋ ਕਾਲੇ ਖੇਤੀ ਕਾਨੂੰਨ ਉਸ ਦੀ ਰੋਟੀ ਨਾ ਨਿਗਲ਼ ਜਾਣ ।






















