ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸੰਬੰਧ ਵਿਚ ਵਿਸਥਾਰ ਪੂਰਵਕ ਪੜਤਾਲ ਦੀ ਲੋੜ : ਕੁਲਤਾਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਲਈ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ : ਕੁਲਤਾਰ ਸਿੰਘ ਸੰਧਵਾਂ
ਮਾਮਲੇ ਦੀ ਪੂਰੀ ਜਾਂਚ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ
ਸੰਬੰਧਿਤ ਕਰਮਚਾਰੀਆਂ ‘ਤੇ ਵੀ ਹੋਵੇ ਮਾਮਲਾ ਦਰਜ
ਅੰਮ੍ਰਿਤਸਰ 25, ਅਗਸਤ 2020 (ਵਿਸ਼ਵ ਵਾਰਤਾ)-“ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਪਬਲਿਸ਼ਿੰਗ ਹਾਊਸ ਵਿਚੋਂ ਲਾਪਤਾ ਹੋਣ ਲਈ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਇਹ ਗੱਲ ਕਿਸੇ ਕੋਲੋਂ ਛੁਪੀ ਨਹੀਂ ਹੈ ਕਿ ਬਾਦਲਾਂ ਨੇ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ‘ਤੇ ਵੀ ਪੂਰਾ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਘਟਨਾ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ।”
ਉਕਤ ਵਿਚਾਰ ‘ਆਪ’ ਵਿਧਾਇਕ ਕੁਲਤਾਰ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕੁਲਤਾਰ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁੱਝ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਬਾਦਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਿੱਖ ਪੰਥ ਵਿਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸ਼੍ਰੋਮਣੀ ਕਮੇਟੀ ਦੇ ਪਬਲਿਸ਼ਿੰਗ ਹਾਊਸ ਤੋਂ 328 ਸਰੂਪਾਂ ਦੇ ਲਾਪਤਾ ਹੋਣ ਦੀ ਐਫਆਈਆਰ ਦਰਜ ਕਰਾਉਣੀ ਚਾਹੀਦੀ ਹੈ ਤਾਂ ਜੋ ਸਬੰਧਿਤ ਕਰਮਚਾਰੀਆਂ ਤੋਂ ਜਾਂਚ ਸ਼ੁਰੂ ਕਰਕੇ ਇਸ ਘਟਨਾ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਲੋਕਾਂ ਦੇ ਨਾਮ ਸਾਰਿਆਂ ਸਾਹਮਣੇ ਨਸ਼ਰ ਹੋ ਸਕਣ।
ਸ਼੍ਰੋਮਣੀ ਕਮੇਟੀ ਦੇ ਪਬਲਿਸ਼ਿੰਗ ਹਾਊਸ ਤੋਂ 328 ਸਰੂਪਾਂ ਦੇ ਲਾਪਤਾ ਹੋਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕੁਲਤਾਰ ਸਿੰਘ ਨੇ ਕਿਹਾ ਕਿ ਇਹ ਵੀ ਸੰਭਵ ਹੈ ਕਿ ਇਹ ਲਾਪਤਾ ਹੋਏ ਸਰੂਪ ਸਮੇਂ-ਸਮੇਂ ‘ਤੇ ਪੰਜਾਬ ਵਿਚ 200 ਤੋਂ ਵੱਧ ਹੋਈਆਂ ਬੇਅਦਬੀ ਦੀਆਂ ਵਾਰਦਾਤਾਂ ਵਿਚ ਵਰਤੇ ਗਏ ਹੋਣ ਅਤੇ ਆਉਣ ਵਾਲੇ ਸਮੇਂ ਵਿਚ ਵੀ ਫ਼ਿਰਕੂ ਸਦਭਾਵਨਾ ਨੂੰ ਭੜਕਾਉਣ ਲਈ ਇਸਤੇਮਾਲ ਕੀਤੇ ਜਾਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਇਸ ਲਈ ਸੱਚ ਸਾਹਮਣੇ ਲਿਆਉਣ ਲਈ ਮਾਮਲੇ ਵਿਚ ਵਿਸਥਾਰਕ ਜਾਂਚ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਚੋਣਾਂ ਦੌਰਾਨ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਅਤੇ ਆਪਣੇ ਮਨਸੂਬਿਆਂ ਨੂੰ ਸਫਲ ਕਰਨ ਲਈ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੁਰਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਦੇ।
ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਪਾਰਟੀ ਜਿਸ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਵਾਰਦਾਤਾਂ ਦੀਆਂ ਘਟਨਾਵਾਂ ਵਾਪਰੀਆਂ। ਉਹ ਪਟਿਆਲਾ ਦੇ ਪਿੰਡ ਕਲਿਆਣ ਤੋਂ ਲਾਪਤਾ ਇਤਿਹਾਸਕ ਸਰੂਪ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਜਿਹੇ ਵਿਰੋਧ ਪ੍ਰਦਰਸ਼ਨਾਂ ਦਾ ਆਪਣਾ ਨੈਤਿਕ ਹੱਕ ਗੁਆ ਚੁੱਕਾ ਹੈ। ਪਿਛਲੇ ਸਮੇਂ ਵਿੱਚ ਬਾਦਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਚਿੰਤਾ ਨਹੀਂ ਹੈ, ਬਲਕਿ ਉਹ ਚੋਣਾਂ ਵਿੱਚ ਆਪਣੀਆਂ ਕੁਰਸੀਆਂ ਬਚਾਉਣ ਲਈ ਗੁਰੂ ਦੀ ਵਰਤੋਂ ਕਰਦੇ ਹਨ। ਜੇਕਰ ਉਨ੍ਹਾਂ ਨੂੰ ਗੁਰੂ ਪ੍ਰਤੀ ਭਾਵਨਾ ਅਤੇ ਸਤਿਕਾਰ ਹੁੰਦਾ ਤਾਂ ਉਨ੍ਹਾਂ ਨੂੰ ਨੰਗੇ ਪੈਰੀਂ ਚੱਲ ਕੇ ਬਰਗਾੜੀ ਜਾਣਾ ਚਾਹੀਦਾ ਸੀ। ਲੋਕਾਂ ਦੀਆਂ ਗੁਰੂ ਪ੍ਰਤੀ ਭਾਵਨਾਵਾਂ ਦਾ ਸਨਮਾਨ ਕਰਨ ਦੀ ਬਜਾਏ, ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਾਉਣ ਦੇ ਹੁਕਮ ਦੇ ਕੇ ਡਾਇਰ ਦੀ ਭੂਮਿਕਾ ਨਿਭਾਈ।
ਕੁਲਤਾਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਬਾਦਲਾਂ ਨੂੰ ਉਨ੍ਹਾਂ ਦੇ ਕੀਤੇ ਮਾੜੇ ਕੰਮਾਂ ਲਈ ਸਜਾ ਦਿੱਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਬਾਦਲਾਂ ਵੱਲੋਂ ਨਿਭਾਈ ਗਈ ਨਾਕਾਰਮਕ ਭੂਮਿਕਾ ਨੂੰ ਕਦੇ ਨਹੀਂ ਭੁੱਲਣਗੇ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਧਾਲੀਵਾਲ, ਮਨਜਿੰਦਰ ਸਿੰਘ ਲਾਲਪੁਰਾ, ਅਸ਼ੋਕ ਤਲਵਾੜ, ਮਨੀਸ਼ ਅਗਰਵਾਲ, ਦਲਬੀਰ ਸਿੰਘ, ਰਣਜੀਤ ਸਿੰਘ ਚੀਮਾ ਵੀ ਹਾਜ਼ਰ ਸਨ।