ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪੱਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ
ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਕੱਲ੍ਹ

ਜਲੰਧਰ ,24 ਸਤੰਬਰ (ਵਿਸ਼ਵ ਵਾਰਤਾ) ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਰਹੀਂ ਕਿਹਾ ਹੈ ਕਿ ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਦੇ ਸਿਰ ਤੇ ਪੱਛੜੀਆ ਸ਼੍ਰੈਣੀਆਂ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਦੇ ਆਗੂ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵਿਚਾਲੇ ਕਾਂਗਰਸ ਪਾਰਟੀ ਦੀ ਜੋਰ-ਜਬਰਦਸਤੀ ਨਾਲ 24 ਸਤੰਬਰ 1932 ਨੂੰ ਪੂਨਾ ਪੈਕਟ ਹੋਇਆ ਸੀ,ਜਿਸ ਨਾਲ ਪੱਛੜੀਆਂ ਸ੍ਰੇਣੀਆਂ ਦੇ ਦੋਹਰੇ ਵੋਟ ਦਾ ਅਧਿਕਾਰ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖਕੇ ਖੋਹ ਲਿਆ ਸੀ। ਕਾਂਗਰਸ ਦੀ ਧੱਕੇਸ਼ਾਹੀ ਵਿੱਚੋ ਨਿਕਲ਼ੇ ਸਾਂਝੇ ਚੋਣ ਖੇਤਰ ਦੀ ਪ੍ਰਣਾਲੀ ਰਾਹੀਂ ਪੱਛੜੀਆਂ ਸ੍ਰੇਣੀਆਂ ਨੂੰ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੇ ਹਮੇਸ਼ਾ ਨਕਲੀ ਨੇਤਾ ਦਿੱਤੇ। ਬਸਪਾ ਦੇ ਬਾਨੀ ਕਾਂਸ਼ੀ ਰਾਮ ਨੇ 1984 ਵਿਚ ਬਹੁਜਨ ਸਮਾਜ ਪਾਰਟੀ ਬਣਾਕੇ ਪੱਛੜੀਆਂ ਸ੍ਰੇਣੀਆਂ ਦੇ ਅਸਲੀ ਨੁਮਾਇੰਦੇ ਪੈਦਾ ਕੀਤੇ। ਅਸਲੀ ਨੁਮਾਇੰਦੇ ਪੱਛੜੀਆਂ ਸ੍ਰੇਣੀਆਂ ਦੇ ਚੁਣਕੇ ਵਿਧਾਨ ਸਭਾ ਚ ਨਾ ਚਲੇ ਜਾਣ ਤਾਂ ਕਾਂਗਰਸ ਨੇ ਅੱਜ ਪੰਜਾਬ ਚ ਪੂਨਾ ਪੈਕਟ ਦੇ ਉਤਪਾਦ ਅੱਗੇ ਕੀਤੇ ਹਨ ਤਾਂ ਕਿ ਪੱਛੜੀਆਂ ਸ੍ਰੇਣੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਬਸਪਾ ਪੱਛੜੀਆਂ ਸ੍ਰੇਣੀਆਂ ਤੇ ਗਰੀਬ ਸਮਾਜ ਵਿੱਚ ਨਿਰੰਤਰ ਜਾਗਰਤੀ ਮੁਹਿੰਮ ਜਾਰੀ ਰੱਖੇਗੀ ਜਿਸ ਨਾਲ ਕਿ ਪੰਜਾਬ ਵਿੱਚ ਪੱਛੜੀਆਂ ਸ੍ਰੇਣੀਆਂ ਦੇ ਅਸਲੀ ਨੁਮਾਇੰਦੇ ਵਿਧਾਨ ਮੰਡਲ ਚ ਚੁਣਕੇ ਜਾ ਸਕਣ।
ਸ. ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿ ਬਸਪਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ, 9 ਅਕਤੂਬਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਪ੍ਰੀਨਿਰਵਾਣ ਅਤੇ ਭਗਵਾਨ ਵਾਲਮੀਕਿ ਜਯੰਤੀ ਦੇ ਮੱਦੇਨਜਰ ਸੂਬਾ ਪੱਧਰੀ ਮੰਥਨ ਮੀਟਿੰਗ 25 ਸਤੰਬਰ ਨੂੰ ਸਾਹਿਬ ਕਾਂਸ਼ੀ ਰਾਮ ਭਵਨ ਜਲੰਧਰ ਵਿਖੇ ਬੁਲਾਈ ਹੈ। ਜਿਸ ਵਿਚ ਵਿਸੇਸ ਤੌਰ ਤੇ ਪੰਜਾਬ ,ਚੰਡੀਗੜ੍ਹ ,ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਪਹੁੰਚ ਰਹੇ ਹਨ। ਸ. ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿਚ ਕਾਂਗਰਸ ਨੇ ਹਮੇਸ਼ਾ ਨਕਲੀ ਲੀਡਰਾਂ ਰਾਹੀਂ ਪੱਛੜੀਆਂ ਸ੍ਰੇਣੀਆਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਹੈ ,ਜਿਸ ਦਾ ਚੜ੍ਹਿਆਂ ਨਕਲੀ ਗੁਬਾਰ ਬਸਪਾ ਮਜ਼ਬੂਤੀ ਤੇ ਯੋਜਨਾ ਬੱਧ ਤਰੀਕੇ ਨਾਲ ਉਤਾਰੇਗੀ।






















