ਬਹਿਬਲ ਕਲਾਂ ਕਾਂਡ- ਤਿੰਨ ਸਰਕਾਰਾਂ ਦੇ ਬਦਲਣ ਦੇ ਬਾਵਜੂਦ ਸਿੱਖ ਕੌਮ ਇਨਸਾਫ ਲਈ ਗੁਹਾਰ ਲਾ ਰਹੀ- ਮਨਜੀਤ ਸਿੰਘ ਭੋਮਾ
ਜ਼ੀਰਾ ਵਿਖੇ ਅੰਦੋਲਨਕਾਰੀਆਂ ਤੇ ਲਾਠੀਚਾਰਜ ਦੀ ਕੀਤੀ ਸਖ਼ਤ ਸ਼ਬਦਾਂ ਵਿੱਚ ਨਿੰਦਾ
ਚੰਡੀਗੜ੍ਹ ,20 ਦਸੰਬਰ (ਵਿਸ਼ਵ ਵਾਰਤਾ ) ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਬੇਹੱਦ ਅਫਸੋਸ ਦੀ ਗੱਲ ਹੈ ਕਿ 2015 ਚ ਬਾਦਲ ਸਰਕਾਰ ਸਮੇਂ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਹੋਈ ਬੇਅਦਬੀ ਤੇ ਗੋਲੀ ਕਾਂਡ ਦਾ ਇਨਸਾਫ ਅੱਜ ਤੱਕ ਸਿੱਖ ਕੌਮ ਨੂੰ ਨਹੀਂ ਮਿਲਿਆ। ਸ ਭੋਮਾ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਸਵਾਲ ਕੀਤਾ ਕਿ ਤੁਸੀਂ ਵੀ ਚੋਣਾਂ ਵੇਲੇ ਬਰਗਾੜੀ ਕਾਂਡ ਤੇ ਬਹਿਬਲ ਕਲਾਂ ਕਾਂਡ ਚ ਸਿੱਖ ਕੌਮ ਨੂੰ ਇਨਸਾਫ ਦੇਣ ਦੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਪਰ ਹੁਣ ਤੁਹਾਡੀ ਸਰਕਾਰ ਬਣੇ ਨੂੰ ਵੀ ਦਸ ਮਹੀਨੇ ਦਾ ਸਮਾਂ ਹੋ ਗਿਆ ਹੈ ਤੁਹਾਡਾ ਇਨਸਾਫ ਕਿਥੇ ਗਿਆ ?
ਭੋਮਾ ਨੇ ਹੈਰਾਨੀ ਇਹ ਪ੍ਰਗਟਾਈ ਕੀ ਉਕਤ ਕਾਂਡ ਸਬੰਧੀ ਕਈ ਸਿੱਟ ਬਣੇ ਜਸਟਿਸ ਜੋਰਾ ਸਿੰਘ ਕਮਿਸ਼ਨ ,ਕੁੰਵਰ ਵਿਜੈ ਪ੍ਰਤਾਪ ਦੀ ਸਿਟ ,ਰਣਜੀਤ ਸਿੰਘ ਕਮਿਸ਼ਨ ਦੀ ਨਿਸ਼ਾਨ ਦੇਹੀ ਦੇ ਬਾਵਜੂਦ ਫਿਰ ਵੀ ਅਸਲ ਦੋਸ਼ੀਆਂ ਨੂੰ ਜੇਲ੍ਹਾਂ ਚ ਕਿਉਂ ਨਹੀਂ ਡੱਕਿਆ ਜਾ ਰਿਹਾ।
ਭੋਮਾ ਮੁਤਾਬਕ ਬਾਦਲ ਸਰਕਾਰ ਵੇਲੇ 2015 ਚ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਰੋਸ ਮਾਰਚ ਵਜੋਂ ਬਹਿਬਲ ਕਲਾਂ ਵਿਖੇ ਧਰਨਾ ਦੇ ਰਹੀ ਸੰਗਤ ‘ਚ ਪੁਲਿਸ ਵੱਲੋ ਗੋਲੀਬਾਰੀ ਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਤਰਸ ਦੇ ਅਧਾਰ ਤੇ ਮਿਲੀ ਨੌਕਰੀ ਤੋਂ ਅਸਤੀਫਾ ਦੇਣ ਬਾਰੇ ਕਿਹਾ ਕਿ ਇਹ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ। ਨਹੀਂ ਤਾਂ ਤਿੰਨ ਸਰਕਾਰਾਂ ਬਦਲੀਆਂ ਤੇ ਸਿੱਖ ਕੌਮ ਅੱਜ ਵੀ ਇਨਸਾਫ ਲਈ ਗੁਹਾਰ ਲਾ ਰਹੀ ਹੈ। ਭੋਮਾ ਨੇ ਇਸ ਮੌਕੇ ਪੰਜਾਬ ਦੇ ਮੌਜੂਦਾ ਸਰਕਾਰ ਆਪ ਤੇ ਵੀ ਦੋਸ਼ ਲਾਏ ਕਿ ਲੋਕਾਂ ਨੇ ਤਹਾਨੂੰ ਵੋਟਾਂ ਇਸ ਲਈ ਪਾਈਆਂ ਸੀ ਸਿੱਖ, ਕੈਪਟਨ ਅਤੇ ਬਾਦਲਾਂ ਦੀਆ ਅੰਦਰਲੀਆਂ ਸਾਜਿਸ਼ਾ ਤੇ ਫਰੈਂਡਲੀ ਮੈਚ ਤੋਂ ਜਾਣੂ ਹੋ ਗਏ ਸਨ ਪਰ ਅਜੇ ਤੱਕ ਤੁਹਾਡੇ ਕੰਨ ਤੇ ਜੂੰ ਨਹੀਂ ਸਰਕ ਰਹੀ ਪਰ ਲੋਕਾਂ ਦਾ ਸਬਰ ਨਾ ਪਰਖੋ , ਜੋ ਲੋਕ ਸਰਕਾਰ ਬਣਾਉਂਦੇ ਹਨ ,ਉਹ ਸਰਕਾਰ ਨੂੰ ਡੇਗਣਾ ਵੀ ਜਾਣਦੇ ਹਨ। ਬਾਦਲਾਂ , ਕੈਪਟਨ , ਚੰਨੀ ਦਾ ਹਸ਼ਰ ਯਾਦ ਰੱਖੋ ।
ਭੋਮਾ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਿੰਮਤ ਹੈ ਤਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ। ਭੋਮਾ ਮੁਤਾਬਕ ਅਸਲ ਚ ਉਸ ਵੇਲੇ ਕੈਪਟਨ ਸਰਕਾਰ ਨੇ ਸ਼ਰੇਆਮ ਬਾਦਲਾਂ ਨੂੰ ਬਚਾਇਆ ਨਹੀਂ ਤਾ ਉਹ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਿਕਾਰਤ ਤੌਰ ‘ਤੇ ਆਪਣੀ ਸਰਕਾਰ ਵੇਲੇ ਜਨਤਕ ਕਰਦਾ।
ਭੋਮਾ ਨੇ ਦੋਸ਼ ਲਾਇਆ ਕੀ ਬਾਦਲ-ਕੈਪਟਨ ਦੀ ਮਿਲੀ ਭੁਗਤ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ ।ਭੋਮਾ ਨੇ ਕਿਹਾ ਕਿ ਭਾਈ ਸੁਖਰਾਜ ਸਿੰਘ ਤੇ ਪ੍ਰਭਦੀਪ ਸਿੰਘ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਤੇ ਜਦ ਤਕ ਪੰਥ ਦੇ ਦੋਖੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤਦ ਤਕ ਅਸੀਂ ਚੁੱਪ ਨਹੀਂ ਬੈਠਾਂਗੇ ,ਕਿਉਂ ਕਿ ਜੋ ਵਿਅਕਤੀ ਗੁਰੂ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ ਹੋ ਸਕਦਾ।
ਭੋਮਾ ਨੇ ਕਿਹਾ ਕਿ ਕੈਪਟਨ ਨੇ ਬਾਦਲਾਂ ਨਾਲ ਰੱਲ ਕੇ ਨੂਰਾ ਕੁਸ਼ਤੀ ਖੇਡੀ ,ਜਿਸ ਦੀ ਸਜਾ ਸਿੱਖ ਕੌਮ ਨੇ ਹੰਢਾਈ। ਮਨਜੀਤ ਸਿੰਘ ਭੋਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਬਰਗਾੜੀ ਤੇ ਬਹਿਬਲ ਕਾਂਡ ਦਾ ਇਨਸਾਫ ਦੇਵੇ ਨਹੀਂ ਤਾ ਉਹਨਾਂ ਨੂੰ ਤਿੱਖੇ ਵੱਡੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਬਿਆਨ ਦੇ ਅਖੀਰ ਵਿੱਚ ਭੋਮਾ ਨੇ ਜ਼ੀਰੇ ਵਿਖੇ ਅੰਦੋਲਨਕਾਰੀਆਂ ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।























