ਭਾਜਪਾ ਗਠਜੋੜ ਵਿਚੋਂ ਬਾਹਰ ਆਉਣ ਦੇ ਅਕਾਲੀ ਦਲ ਦੇ ਫੈਂਸਲੇ ਦਾ ਸਵਾਗਤ – ਜਸਵੀਰ ਗੜੀ
ਚੰਡੀਗੜ•, 28 ਸਤੰਬਰ( ਵਿਸ਼ਵ ਵਾਰਤਾ)-ਪੰਜਾਬ ਦੇ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਬਸਪਾ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਬਸਪਾ ਨਾਲ ਦਿੱਲੀ ਨਿਵਾਸ ਵਿਖੇ ਮੀਟਿੰਗ ਕੀਤੀ ਜਿੱਥੇ ਪੰਜਾਬ ਦੇ ਤਾਜ਼ਾ ਰਾਜਨੀਤਿਕ ਘਟਨਾਕ੍ਰਮ ਉਪਰ ਵਿਸਥਾਰ ਵਿਚ ਚਰਚਾ ਉਪਰੰਤ ਸ਼ਪੱਸਟ ਕੀਤਾ ਕਿ ਪੰਜਾਬ ਦੇ ਰਾਜਨੀਤਿਕ ਗਠਜੋੜ ਸੰਬੰਧੀ ਫੈਂਸਲੇ ਦੇ ਸਾਰੇ ਅਧਿਕਾਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਅਧਿਕਾਰ ਖੇਤਰ ਵਿਚ ਹੈ ਜੋਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਹਨ। ਰਾਸ਼ਟਰੀ ਪ੍ਰਧਾਨ ਭੈਣ ਜੀ ਜੋ ਵੀ ਫੈਂਸਲਾ ਲੈਣਗੇ ਬਸਪਾ ਪੰਜਾਬ ਓਹਨਾ ਦੇ ਨਾਲ ਖੜੀ ਹੈ।
ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਸਪਾ ਪੰਜਾਬ ਐਨਡੀਏ ਨਾਲ ਗਠਜੋੜ ਤੋੜਨ ਦਾ ਅਕਾਲੀ ਦਲ ਦੇ ਫੈਂਸਲੇ ਦਾ ਸਵਾਗਤ ਕਰਦੀ ਹੈ। ਦਿੱਲੀ ਮੀਟਿੰਗ ਜਿਸ ਵਿਚ ਉਹਨਾਂ ਦੇ ਨਾਲ ਪੰਜਾਬ ਦੇ ਪਾਰਟੀ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਸ਼ਾਮਿਲ ਸਨ। ਓਹਨਾ ਕਿਹਾ ਕਿ ਅਕਾਲੀ ਦਲ ਬੀਬੀ ਹਰਸਿਮਰਤ ਦੇ ਅਸਤੀਫੇ ਨਾਲ ਕਿਸਾਨ ਪੱਖੀ ਜਬਰਦਸਤ ਮਾਹੌਲ ਸਿਰਜ ਸਕਦਾ ਸੀ, ਜਿਸਤੋਂ ਅਕਾਲੀ ਦਲ ਖੁੰਝ ਗਿਆ ਹੈ। ਹੁਣ ਜੇਕਰ ਅਕਾਲੀ ਦਲ ਨੇ ਭਾਜਪਾ ਗਠਜੋੜ ਤੋ ਕਿਨਾਰਾ ਕੀਤਾ ਹੈ ਤਾਂ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ ਲਈ ਤਿੱਖੀ ਲੜਾਈ ਲੜਨੀ ਚਾਹੀਦੀ ਹੈ ਤੇ ਭਾਜਪਾ ਦੇ ਪੁਤਲੇ ਫੂਕ ਮੁਜਾਹਰਾ ਸ਼ੁਰੂ ਕਰਨਗੇ ਚਾਹੀਦੇ ਹਨ। ਓਹਨਾ ਸਲਾਹ ਦਿੰਦਿਆ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੇ ਰਸਤੇ ਤੇ ਚਲਕੇ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਬਾਦਲ ਨੂੰ ਲੋਕ ਸਭਾ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਖਿਲਾਫ ਸੜਕ ਉਪਰ ਮੋਰਚੇ ਲਗਾਉਣ ਲਈ ਉੱਤਰਨਾ ਚਾਹੀਦਾ ਹੈ, ਤਾਂ ਹੀ ਓਹਨਾ ਦੀ ਇਮਾਨਦਾਰੀ ਦਾ ਪਤਾ ਪੰਜਾਬ ਨੂੰ ਲੱਗ ਸਕੇਗਾ।
ਬਸਪਾ ਸੂਬਾ ਪ੍ਰਧਾਨ ਨੇ ਦੱਸਿਆ ਕਿ ਓਹਨਾ ਦਾ ਸਾਰਾ ਧਿਆਨ ਪੰਜਾਬ ਵਿਚ ਪਾਰਟੀ ਦਾ ਮਜਬੂਤ ਸੰਗਠਨ ਖੜ੍ਹਾ ਕਰਨ ਵਿਚ ਲੱਗਾ ਹੋਇਆ ਹੈ, ਜਿਸ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਅਤੇ ਅਧਿਕਾਰਿਤ ਹਨ। ਓਹਨਾ ਕਿਹਾ ਕਿ ਓਹਨਾ ਦੀ ਪ੍ਰਧਾਨਗੀ ਦੇ ਪਿਛਲੇ 14 ਮਹੀਨਿਆ ਵਿਚ 60 ਦੇ ਲਗਭਗ ਸੀਟਾਂ ਉਪਰ ਬਸਪਾ ਬੂਥ ਪੱਧਰ ਦਾ ਸੰਗਠਨ ਬਣਾਉਣ ਵਿੱਚ ਜੁੱਟ ਚੁੱਕੀ ਹੈ, ਜਦੋਂ ਕਿ ਬਾਕੀ ਸੀਟਾਂ ਉਪਰ ਸੰਗਠਨ ਦੀ ਮਜਬੂਤੀ ਲਈ ਲਗਾਤਾਰ ਕੰਮ ਜਾਰੀ ਹੈ।
ਪੰਜਾਬ ਦੇ ਕਿਸਾਨਾਂ ਅਤੇ ਵਿਦਿਆਰਥੀਆਂ ਦੇ ਮੁੱਦੇ ਉਪਰ ਬਸਪਾ ਸੰਗਠਨ ਦੇ ਨਾਲ ਨਾਲ ਸੜਕ ਤੇ ਸੰਘਰਸ਼ ਦਾ ਰਸਤਾ ਵੀ ਅਖਤਿਆਰ ਕਰ ਚੁੱਕੀ ਹੈ ਜੋਕਿ ਲਗਾਤਾਰ ਜਾਰੀ ਰਹੇਗਾ। ਬਸਪਾ ਪੰਜਾਬ ਵੱਲੋਂ ਪੰਜਾਬ ਦੀ ਰਾਜਨੀਤੀ ਤੇ ਮੰਥਨ ਲਈ 2 ਅਕਤੂਬਰ ਦੀ ਸੂਬਾ ਕਮੇਟੀ ਦੀ ਮੀਟਿੰਗ ਵੀ ਬੁਲਾ ਲਈ ਹੈ।