ਬਠਿੰਡਾ SSP ਦਫਤਰ ਦੇ ਬਾਹਰ ਔਰਤ ‘ਤੇ ਜਾਨਲੇਵਾ ਹਮਲਾ,ਹਮਲਾਵਰ ਗ੍ਰਿਫ਼ਤਾਰ
ਚੰਡੀਗੜ੍ਹ,18ਅਪ੍ਰੈਲ(ਵਿਸ਼ਵ ਵਾਰਤਾ)-ਅੱਜ ਬਠਿੰਡਾ ਐੱਸਐੱਸਪੀ ਦਫ਼ਤਰ ਨੇੜੇ ਇੱਕ ਔਰਤ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਵੱਲੋਂ ਚਾਕੂ ਨਾਲ ਹਮਲਾ ਕਰਕੇ ਔਰਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਔਰਤ ਦੇ ਢਿੱਡ ਵਿਚ ਪੰਜ ਵਾਰ ਚਾਕੂ ਮਾਰੇ ਗਏ ਹਨ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਲਾਈਨ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਮਲਾ ਕਰਨ ਵਾਲੇ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।