ਜੋਗਰ ਪਾਰਕ ਦੀ ਮਿੱਟੀ ਚ ਦੱਬਿਆ ਮਿਲਿਆ ਗ਼ਰੀਬਾਂ ਲਈ ਵੱਢਣ ਆਇਆ ਸੈਂਕੜੇ ਟਨ ਆਟਾ
ਆਟਾ ਸੁਸਰੀ ਪੈਣ ਕਰਕੇ ਹੋ ਗਿਆ ਸੀ ਖਰਾਬ ਖ਼ੁਦ ਕੀਤਾ ਸੀ ਇਕੱਠਾ : ਐਸਡੀਓ
ਬਠਿੰਡਾ, 27 ਅਕਤੂਬਰ (ਕੁਲਬੀਰ ਬੀਰਾ)- ਜੌਗਰ ਪਾਰਕ ਵਿਚ ਕਈ ਟਨ ਆਟਾ ਦੱਬਿਆ ਹੋਇਆ ਮਿਲਿਆ ,ਜਿਸ ਨੂੰ ਕ੍ਰੇਨ ਨਾਲ ਖੁਦਾਈ ਕਰਕੇ ਬਾਹਰ ਕੱਢਿਆ ਗਿਆ। ਇਹ ਆਟਾ ਸਰਕਾਰੀ ਅਨਾਜ ਸੀ ਜਾਂ ਮੁਲਾਜ਼ਮਾ ਨੇ ਖੁਦ ਇਕੱਠਾ ਕਰਕੇ ਗਰੀਬ ਲੋਕਾਂ ਨੂੰ ਵੰਡਿਆ ਜਾਣਾ ਸੀ ਇਹ ਸੱਚ ਤਾਂ ਸਾਹਮਣੇ ਨਹੀਂ ਆਵੇਗਾ। ਪਰ ਬਠਿੰਡਾ ਵਿੱਚ ਹੋਏ ਇਸ ਸਨਸਨੀਖੇਜ਼ ਖੁਲਾਸੇ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਨਗਰ ਨਿਗਮ ਦੇ ਕਰੋਨਾ ਕਾਲ ਵਿਚ ਗ਼ਰੀਬਾਂ ਲਈ ਵੰਡੇ ਆਟਾ ਦਾਲ ਅਤੇ ਅਨਾਜ ਦੀ ਮੁਹਿਮਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਟਾ ਦੱਬਿਆ ਹੋਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਆਪ ਵਰਕਰ ਪਹੁੰਚ ਗਏ ਤੇ ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਦੋਸ਼ ਲਾਏ ਕਿ ਕੈਪਟਨ ਸਰਕਾਰ ਨੇ ਗਰੀਬਾਂ ਦੇ ਮੂੰਹ ਵਿੱਚ ਪੈਣ ਵਾਲਾ ਆਟਾ ਦਾਲ ਮਿੱਟੀ ਵਿੱਚ ਦੱਬ ਦਿੱਤਾ । ਮੌਕੇ ਤੇ ਨਿਗਮ ਕਮਿਸ਼ਨਰ ਵਿਕਰਮ ਸਿੰਘ ਸ਼ੇਰਗਿੱਲ ਐਸਡੀਓ ਗੁਰਪ੍ਰੀਤ ਸਿੰਘ ਬੁੱਟਰ ਸਮੇਤ ਅਧਿਕਾਰੀ ਤੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਨੇ ਸਾਫ ਕੀਤਾ ਕਿ ਇਹ ਸਰਕਾਰੀ ਅਨਾਜ ਨਹੀਂ ਸੀ ਕਿਉਂ ਕਿ ਨਿਗਮ ਨੂੰ ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਵੰਡਣ ਲਈ ਕੋਈ ਅਨਾਜ ਨਹੀਂ ਭੇਜਿਆ ਗਿਆ ਸੀ ਇਹ ਆਟਾ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ਤੇ ਫੰਡ ਇਕੱਠਾ ਕਰਕੇ ਇਕੱਠਾ ਕੀਤਾ ਗਿਆ ਸੀ ਪ੍ਰੰਤੂ ਕਰੋਨਾ ਕਾਲ ਦਾ ਕਰਫਿਊ ਖੁੱਲ੍ਹਣ ਕਰਕੇ ਸਾਰੇ ਵਿਅਕਤੀਆਂ ਅਤੇ ਮੁਲਾਜ਼ਮਾਂ ਦੇ ਵਿਅਸਤ ਹੋਣ ਕਰਕੇ ਵੰਡਣ ਤੋਂ ਰਹਿ ਗਿਆ ਤੇ ਪਿਆ ਪਿਆ ਸੁਸਰੀ ਪੈਣ ਕਰਕੇ ਆਟਾ ਖਰਾਬ ਹੋ ਗਿਆ ਜਿਸ ਕਾਰਨ ਮਿੱਟੀ ਵਿੱਚ ਦੱਬਿਆ ਗਿਆ ਹੈ, ਇਸ ਵਿੱਚ ਕੋਈ ਘਪਲਾ ਜਾਂ ਗ਼ਰੀਬ ਲੋਕਾਂ ਦੇ ਨੁਕਸਾਨ ਕਰਨ ਵਾਲੀ ਕੋਈ ਗੱਲ ਨਹੀਂ ਇਹ ਦੋਸ਼ ਬੇਬੁਨਿਆਦ ਹਨ ।