ਡਰੱਗ ਪਾਰਕ ਦੇ ਨਾਮ ‘ਤੇ ਵਿੱਤ ਮੰਤਰੀ ਕਾਰਪੋਰੇਟ ਨੂੰ ਲੁਟਾ ਰਹੇ ਹਨ ਖੁੱਲ੍ਹੇ ਗੱਫੇ
ਬਠਿੰਡਾ 16 ਅਕਤੂਬਰ ( ਕੁਲਬੀਰ ਬੀਰਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਥਰਮਲ ਨੂੰ ਬੰਦ ਕਰ ਕੇ ਉਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇ ਕੇ ਕਾਂਗਰਸ ਸਰਕਾਰ ਸ਼ਰੇਆਮ ਲੁੱਟ ਕਰ ਰਹੀ ਹੈ। ਜਿਸ ਵਿੱਚ ਸਿੱਧੇ ਤੌਰ ‘ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਹੱਥ ਹੈ।
ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੁੱਟ ਦੇ ਖ਼ਿਲਾਫ਼ ਆਮ ਆਦਮੀ ਪਾਰਟੀ 17 ਅਕਤੂਬਰ ਨੂੰ ਸਵੇਰੇ 11 ਵਜੇ ਸਥਾਨਕ ਫਾਇਰ ਬ੍ਰਿਗੇਡ ਚੌਕ ਤੋਂ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਕਰ ਕੇ ਘਿਰਾਓ ਕਰੇਗੀ ਅਤੇ ਕੈਪਟਨ ਸਰਕਾਰ ਨੂੰ ਥਰਮਲ ਦੀ ਜ਼ਮੀਨ ਵੇਚਣ ਦੇ ਫ਼ੈਸਲੇ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।
‘ਆਪ’ ਆਗੂਆਂ ਨੇ ਕਿਹਾ ਕਿ ‘ਬਲਕ ਡਰੱਗ ਪਾਰਕ’ ਦੇ ਨਾਮ ‘ਤੇ ਕੈਪਟਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੇ ਗੱਫੇ ਲੁਟਾ ਰਹੀ ਹੈ ਅਤੇ ਇਸ ਜ਼ਮੀਨ ਨੂੰ ਇੱਕ ਰੁਪਏ ਵਿੱਚ 33 ਸਾਲਾਂ ਲਈ ਲੀਜ਼ ‘ਤੇ ਦਿੱਤਾ ਜਾ ਰਿਹਾ ਹੈ। ਜਿਸ ਵਿੱਚ 99 ਸਾਲ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ। ਉੱਥੇ ਹੀ ਕਾਰਪੋਰੇਟ ਨੂੰ ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਅਤੇ ਇੱਕ ਰੁਪਏ ਪ੍ਰਤੀ ਲੀਟਰ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਕਾਂਗਰਸ ਸਰਕਾਰ ਦੀ ਨੀਅਤ ਨੂੰ ਜਨਤਕ ਕਰਦਾ ਹੈ।
‘ਆਪ’ ਆਗੂਆਂ ਨੇ ਵਿੱਤ ਮੰਤਰੀ ‘ਤੇ ਦੋਸ਼ ਲਾਉਂਦਿਆਂ ਪੁੱਛਿਆ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਬਿਨਾਂ ਪ੍ਰਵਾਨਗੀ ਅਤੇ ਬਿਨਾਂ ਕਿਸੇ ਐਗਰੀਮੈਂਟ ਦੇ ਪੂਡਾ ਦੇ ਨਾਮ ਇਸ ਜ਼ਮੀਨ ਦਾ ਇੰਤਕਾਲ ਕਿਵੇਂ ਹੋ ਗਿਆ? ਇਸ ਪ੍ਰਾਜੈਕਟ ਦੀ ਕੁੱਲ ਕੀਮਤ 1,878 ਕਰੋੜ ਰੁਪਏ ਹੈ। ਜਿਸ ਵਿੱਚ ਕੇਂਦਰ ਸਰਕਾਰ 1000 ਕਰੋੜ ਅਤੇ 878 ਕਰੋੜ ਕੈਪਟਨ ਸਰਕਾਰ ਹਿੱਸਾ ਪਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਬਠਿੰਡਾ ਥਰਮਲ ਨੂੰ ਫਿਰ ਤੋਂ ਚਾਲੂ ਕਰੇ ਨਾ ਕਿ ਇਸ ਕਰੋੜਾਂ ਰੁਪਏ ਦੀ ਜ਼ਮੀਨ ਪੂੰਜੀਪਤੀਆਂ ਦੇ ਹਵਾਲੇ ਕੀਤੀ ਜਾਵੇ। ਜੇਕਰ ਲੋਕ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕੀਤਾ ਤਾਂ ਆਮ ਆਦਮੀ ਪਾਰਟੀ ਇਸ ਫ਼ੈਸਲੇ ਦਾ ਵਿਰੋਧ ਕਰਦੀ ਹੋਈ ਕੈਪਟਨ ਸਰਕਾਰ ਦਾ ਹਰ ਥਾਂ ‘ਤੇ ਘਿਰਾਓ ਕਰੇਗੀ।
























