ਫੇਜ਼-10 ਦਾ ਸਿਲਵੀ ਪਾਰਕ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਦਾ ਮੇਅਰ ਜੀਤੀ ਸਿੱਧੂ ਨੇ ਦਿੱਤਾ ਭਰੋਸਾ
ਚੰਡੀਗੜ੍ਹ 10 ਫਰਵਰੀ(ਵਿਸ਼ਵ ਵਾਰਤਾ ਬਿਉਰੋ) – ਸ੍ਰੋਮਣੀ ਸਾਹਿਤਕਾਰ ਸਵਰਗੀ ਸੰਤੋਖ ਸਿੰਘ ਧੀਰ ਦੀ 8 ਫਰਵਰੀ ਨੂੰ ਤੇਰਵੀਂ ਬਰਸੀ ਮੌਕੇ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦੇ ਕਨਵੀਨਰ, ਚਿੰਤਕ ਅਤੇ ਅਲੋਚਕ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਨਾਟਕਕਾਰ ਸੰਜੀਵਨ ਸਿੰਘ, ਰੰਗਕਰਮੀ ਰੰਜੀਵਨ ਸਿੰਘ ਅਤੇ ਸੰਜੀਵ ਦੀਵਾਨ ‘ਕੁੱਕੂ’ ਅਤੇ ਕਨੇਡਾ ਸਥਿਤ ਮੀਡੀਆ ਕਰਮੀ ਰਮਨਜੀਤ ਸਿੰਘ ਸਿੱਧੂ (ਦੋਹਤਾ ਸੰਤੋਖ ਸਿੰਘ ਧੀਰ) ਦੀ ਸ਼ਮੂਲੀਅਤ ਵਾਲੇ ਮਿਲੇ ਵਫਦ ਨੂੰ ਅਮਰਜੀਤ ਸਿੰਘ ਸਿੱਧੂ, ਮੇਅਰ ਅਤੇ ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ ਨਗਰ ਨਿਗਮ, ਮੁਹਾਲੀ ਨੇ ਫੇਜ਼-10 ਦਾ ਸਿਲਵੀ ਪਾਰਕ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਦਾ ਦਿਤਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਪ੍ਰਤੀਬਧਤਾ ਅਤੇ ਲੋਕ-ਹਿਤੈਸ਼ੀ ਕਲਮਕਾਰੀ ਸਦਕਾ ਲੋਕ ਮਨਾਂ ਵਿਚ ਵਸੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਪੰਜਾਹ ਤੋਂ ਉਪਰ ਪੁਸਤਕਾਂ ਪਾਉਂਣ ਵਾਲੇ ਬਹੁ-ਵਿਧਾਵੀ ਸਾਹਿਤਕਾਰ ਸੰਤੋਖ ਸਿੰਘ ਧੀਰ ਆਪਣੀ ਜ਼ਿੰਦਗੀ ਦੇ ਅਖੀਰਲੇ ਚਾਰ ਦਹਾਕੇ ਕੋਠੀ ਨੰ. 689 ਫੇਜ਼-10, ਮੁਹਾਲੀ ਵਿਖੇ ਹੀ ਰਹੇ ਹਨ।ਭਾਰਤੀ ਸਾਹਿਤ ਅਕਾਦਮੀ ਸਨਮਾਨ (1996) ਨਾਲ ਨਿਵਾਜੇ ਸ੍ਰੋਮਣੀ ਪੰਜਾਬੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਪੰਜਾਬੀ ਯੂਨੀਵਿਰਸਟੀ, ਪਟਿਆਲਾ ਦੇ ਤਾ-ਉਮਰ ਫੈਲੋ ਵੀ ਰਹੇ । ਧੀਰ ਸਾਹਿਬ ਦੀ ਮੌਤ (8 ਫਰਵਰੀ 2010) ਮਗਰੋਂ ਉਨਾਂ ਦੀ ਦੇਹ ਮੈਡੀਕਲ ਖੋਜ ਹਿੱਤ ਪੀ.ਜੀ.ਆਈ. ਚੰਡੀਗੜ੍ਹ ਨੂੰ ਸੌਂਪੀ ਗਈ ਸੀ।