ਫੁੱਟਬਾਲ ਕੋਚਿੰਗ ਦੀ ਤਕਨੀਕ ਅਤੇ ਨੀਤੀਆਂ ਬਾਰੇ ਖਿਡਾਰੀਆਂ ਨੂੰ ਚੇਤੰਨ ਹੋਣ ਦੀ ਲੋੜ- ਪਿ੍ਰੰ. ਜਸਪਾਲ ਸਿੰਘ
-ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਦੂਜੇ ਦਿਨ

ਹੁਸ਼ਿਆਰਪੁਰ 7 ਅਪਰੈਲ ( ਵਿਸ਼ਵ ਵਾਰਤਾ ) ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਫੁੱਟਬਾਲ ਕੋਚਿੰਗ; ਤਕਨੀਕ ਅਤੇ ਨੀਤੀਆਂ ’ ਵਿਸ਼ੇ ‘ਤੇ ਚੱਲ ਰਹੀ ਸੱਤ ਰੋਜ਼ਾ ਨੈਸ਼ਨਲ ਵਰਕਸ਼ਾਪ ਦੇ ਅੱਜ ਦੂਜੇ ਦਿਨ ਦੇ ਤਕਨੀਕੀ ਸ਼ੈਸ਼ਨ ਦੀ ਪ੍ਰਧਾਨਗੀ ਪਿ੍ਰੰ. ਜਗਮੋਹਨ ਸਿੰਘ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਅਤੇ ਕੋਚਾਂ ਨੂੰ ਫੁੱਟਬਾਲ ਖੇਡਣ ਸਬੰਧੀ ਅਪਣਾਈਆਂ ਜਾਂਦੀਆਂ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਫੁੱਟਬਾਲ ਦੇ ਇਤਿਹਾਸ ਬਾਰੇ ਵੀ ਰੌਚਿਕ ਜਾਣਕਾਰੀ ਸਾਂਝੀ ਕੀਤੀ। ਅੱਜ ਦੇ ਤਕਨੀਕੀ ਸੈਸ਼ਨ ਦੇ ਮੁੱਖ ਬੁਲਾਰੇ ਵੱਜੋਂ ਖਾਲਸਾ ਕਾਲਜ ਮਾਹਿਲਪੁਰ ਦੇ ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀ ਖਿਡਾਰੀਆਂ ਨੂੰ ਪੱਛਮੀ ਅਤੇ ਪੂਰਬੀ ਦੇਸ਼ਾਂ ਵਿੱਚ ਫੁੱਟਬਾਲ ਖੇਡਣ ਦੇ ਹੁਨਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਫੁੱਟਬਾਲ ਦੀ ਖੇਡ ਖਿਡਾਰੀਆਂ ਦੀ ਜਿਸਮਾਨੀ ਫੁਰਤੀ ਦੇ ਨਾਲ ਨਾਲ ਮਾਨਸਿਕ ਪੱਖੋਂ ਵੀ ਤੰਦਰੁਸਤੀ ਦੀ ਮੰਗ ਕਰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਇਸ ਖੇਡ ਦੌਰਾਨ ਵਰਤੀਆਂ ਜਾ ਰਹੀਆਂ ਵੱਖ ਵੱਖ ਤਕਨੀਕਾਂ ਅਤੇ ਖੇਡ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਅੱਜ ਦੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵੱਜੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਦੇ ਪਿ੍ਰੰਸੀਪਲ ਸੁਖਵਿੰਦਰ ਸਿੰਘ ਹਾਜ਼ਰ ਹੋਏ ਅਤੇ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਵਰਕਸ਼ਾਪ ਲਈ ਮੁਬਾਰਕਵਾਦ ਦਿੱਤੀ। ਉਨ੍ਹਾਂ ਹਾਜ਼ਰ ਖਿਡਾਰੀਆਂ ਨੂੰ ਇਸ ਵਰਕਸ਼ਾਪ ਤੋਂ ਵੱਧ ਤੋਂ ਵੱਧ ਸਿੱਖਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਪਿ੍ਰੰਸੀਪਲ ਜਸਪਾਲ ਸਿੰਘ ਨੇ ਪ੍ਰੈਕਟੀਕਲ ਸੈਸ਼ਨ ਮੌਕੇ ਖਿਡਾਰੀਆਂ ਫੁੱਟਬਾਲ ਦੀਆਂ ਵੱਖ ਵੱਖ ਖ੍ਰੇਡ ਨੀਤੀਆਂ ਬਾਰੇ ਸਿਖਲਾਈ ਦਿੱਤੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਰਾਜ ਕੁਮਾਰ, ਪ੍ਰੋ ਪਰਮਪ੍ਰੀਤ ਕੈਂਡੋਵਾਲ,ਪ੍ਰੋ ਰਾਜਬੀਰ ਸਿੰਘ, ਪ੍ਰੋ ਜਤਿੰਦਰ ਕੁਮਾਰ, ਕੋਚ ਹਰਿੰਦਰ ਸਨੀ, ਕੋਚ ਜਸਬੀਰ ਸਿੰਘ ਭਾਰਟਾ ਆਦਿ ਸਮੇਤ ਵੱਖ ਵੱਖ ਕਾਲਜਾਂ ਤੋਂ ਫੁੱਟਬਾਲ ਦੇ ਖਿਡਾਰੀ ਅਤੇ ਕੋਚ ਹਾਜ਼ਰ ਸਨ।






















