ਪੱਤਰਕਾਰ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਤੇ ਹੋਰ ਮੁਲਜ਼ਮ ਅੰਡਰਗਰਾਊਂਡ
ਪੁਲਿਸ ਵੱਲੋਂ ਭਾਲ ਜਾਰੀ
ਚੰਡੀਗੜ੍ਹ 12 ਨਵੰਬਰ(ਵਿਸ਼ਵ ਵਰਤਾ)- ਰਾਜਪੁਰਾ ਦੇ ਵੈੱਬ ਪੋਰਟਲ ਨਾਲ ਸੰਬੰਧਿਤ ਇੱਕ ਪੱਤਰਕਾਰ ਰਮੇਸ਼ ਸ਼ਰਮਾ ਦੀ ਖੁਦਕੁਸ਼ੀ ਮਾਮਲੇ ਦੇ ਮੁਲਜ਼ਮ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਉਸ ਦੇ ਪੁੱਤਰ ਸਮੇਤ ਬਾਕੀ ਸਾਰੇ ਮੁਲਜ਼ਮ ਰੂਪੋਸ਼ ਹਨ।।ਅਜੇ ਤੱਕ ਪੁਲਿਸ ਕਿਸੇ ਵੀ ਦੋਸ਼ੀ ਦੀ ਲੋਕੇਸ਼ਨ ਟਰੇਸ ਨਹੀਂ ਕਰ ਸਕੀ ਹੈ। ਦੱਸ ਦਈਏ ਕਿ ਰਮੇਸ਼ ਸ਼ਰਮਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਉਣ ਸਮੇਤ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ਵਿੱਚ ਉਸ ਨੇ ਮੁਲਜ਼ਮਾਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ’ਤੇ ਆਪਣਾ ਕਾਰੋਬਾਰ ਬੰਦ ਕਰਵਾਉਣ ਦਾ ਦੋਸ਼ ਲਾਇਆ ਹੈ। ਰਮੇਸ਼ ਸ਼ਰਮਾ ਨੇ ਸੁਸਾਈਡ ਨੋਟ ਵਿੱਚ ਇੱਥੋਂ ਤੱਕ ਲਿਖਿਆ ਕਿ ਜਦੋਂ ਤੱਕ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਪੋਸਟਮਾਰਟਮ ਨਾ ਕੀਤਾ ਜਾਵੇ। ਵੀਡੀਓ ‘ਚ ਰਮੇਸ਼ ਸ਼ਰਮਾ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਉਨ੍ਹਾਂ ਦੇ ਬੇਟੇ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ 6 ਲੋਕਾਂ ‘ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੈ। ਥਾਣਾ ਸਿਟੀ ਦੀ ਪੁਲੀਸ ਨੇ ਰਮੇਸ਼ ਸ਼ਰਮਾ ਦੀ ਪਤਨੀ ਅਨੀਤਾ ਸ਼ਰਮਾ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।























