ਪੱਕੇ ਧਰਨੇ ਤੇ ਬੈਠੇ ਏਡਜ਼ ਕੰਟਰੋਲ ਦੇ ਮੁਲਾਜਮਾਂ ਨੇ ਕੀਤਾ ਚੱਕਾ ਜਾਮ (ਦੇਖੋ ਵੀਡਿਉ)
ਖਰੜ, 22 ਨਵੰਬਰ, 2021 (ਵਿਸ਼ਵ ਵਾਰਤਾ):-ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜ਼ੇਸ਼ਨ ਆਫ ਕੰਟਰੈਕਟ ਇੰਪਲਾਈਜ਼ ਬਿੱਲ 2021 ਦੇ ਵਿਰੋਧ ਵਿੱਚ ਅਠਵੇਂ ਦਿਨ ਜਾਰੀ ਰਿਹਾ। ਇਸ ਦੌਰਾਨ ਮੁਲਾਜਮਾਂ ਨੇ ਸਿਵਲ ਹਸਪਤਾਲ ਤੋਂ ਲੈ ਕੇ ਖਰੜ ਬਸ ਸਟੈਂਡ ਤੱਕ ਰੋਸ ਰੈਲੀ ਕੀਤੀ ਗਈ ਅਤੇ ਖਰੜ ਬਸ ਸਟੈਂਡ ਵਾਲੇ ਚੌਕ ਤੇ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਰਿਵਾਰਾਂ ਸਮੇਤ ਧਰਨੇ ਤੇ ਬੈਠੇ ਹਨ। ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨਾਲ 24 ਨਵੰਬਰ ਦੀ ਮੀਟਿੰਗ ਰੱਖੀ ਗਈ ਹੈ ਅਤੇ 24 ਨਵੰਬਰ ਤੋਂ ਹੀ ਵੱਡੇ ਪੱਧਰ ਤੇ ਧਰਨੇ ਸ਼ੁਰੂ ਕਰ ਦਿੱਤੇ ਜਾਣਗੇ। ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਹੋਰ ਯੂਨੀਅਨਾਂ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਧਰਨੇ ਦੀ ਤਿਆਰੀ ਕਰ ਰਹੇ ਹਨ।
ਮਹਿੰਦਰਪਾਲ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸੱਚਾਈ ਇਹ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਏਡਜ਼ ਕੰਟਰੋਲ ਵਰਕਰਾਂ ਨੂੰ ਰੈਗੂਲਰ ਕਰਨ ਦਾ ਬਿੱਲ 2021 ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਜਦੋਂ ਕਿ 22 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸ ਦੌਰਾਨ ਆਸ਼ਾ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਏਡਜ਼ ਕੰਟਰੋਲ ਮੁਲਾਜਮਾਂ ਦੀ ਹੜਤਾਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਵੀ ਪੰਜਾਬ ਵਿੱਚ ਆਸ਼ਾ ਵਰਕਰਸ ਦੀਆਂ ਮੰਗਾਂ ਵੀ ਸਰਕਾਰ ਨਹੀਂ ਮੰਨ ਰਹੀ ਅਤੇ ਪੰਜਾਬ ਵਿੱਚ ਲਗਭਗ 20 ਹਜਾਰ ਆਸ਼ਾ ਵਰਕਰ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਸਮੇਲ ਸਿੰਘ ਦਿਓਲ, ਜਨਰਲ ਸਕੱਤਰ ਅਮਨਦੀਪ ਸਿੰਘ ਮੁਕੇਰੀਆਂ, ਵਿੱਤ ਸਕੱਤਰ ਗੁਰਜੰਟ ਸਿੰਘ, ਪ੍ਰੈਸ ਸਕੱਤਰ ਮਨੀਸ਼ ਕੁਮਾਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।























