ਪੰਥ ਅਤੇ ਪੰਜਾਬ ਵਿਰੋਧੀ ਪਾਰਟੀ ਅਕਾਲੀ ਦਲ (ਬਾਦਲ) ਵੱਲੋਂ ਚੋਣ ਨਹੀ ਲੜਾਂਗਾ: ਅਰਜਨ ਸਿੰਘ ਸ਼ੇਰਗਿੱਲ
ਨਿਗਮ ਚੋਣਾਂ `ਚ ਅਕਾਲੀ ਦਲ ਬਾਦਲ ਵੱਲੋਂ ਐਲਾਨੇ ਉਮੀਦਵਾਰ ਸ਼ੇਰਗਿੱਲ ਨੇ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਣ ਦਾ ਐਲਾਨ

ਮੋਹਾਲੀ, 11 ਜਨਵਰੀ( ਵਿਸ਼ਵ ਵਾਰਤਾ )-ਸ਼ੋਮਣੀ ਅਕਾਲੀ ਦਲ (ਬਾਦਲ) ਵੱਲੋਂ ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਐਲਾਨੇ ਗਏ ਉਮੀਦਵਾਰ ਅਰਜਨ ਸਿੰਘ ਸ਼ੇਰਗਿਲ ਨੇ ਪਾਰਟੀ ਦੇ ਚੋਣ ਨਿਸ਼ਾਨ `ਤੇ ਚੋਣ ਨਾ ਲੜਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾ ਨੇ ਪਾਰਟੀ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਗਲਤ ਨੀਤੀਆਂ ਕਾਰਨ ਨਿਗਮ ਚੋਣਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ `ਤੇ ਲੜਣ ਦੇ ਬਜਾਏ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਣ ਦਾ ਫੈਸਲਾ ਲਿਆ ਹੈ। ਅਰਜਨ ਸਿੰਘ ਸ਼ੇਰਗਿੱਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ੀਪ ਤੋਂ ਵੀ ਅਸਤੀਫ਼ਾ ਦੇ ਦਿੱਤਾ। ਇਸ ਮੌਕੇ ਬੋਲਦਿਆਂ ਉਨ੍ਹਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਥੇ ਸਿੱਖ ਕੌਮ ਅਤੇ ਪੰਥ ਦਾ ਭਾਰੀ ਨੁਕਸਾਨ ਕੀਤਾ ਹੈ, ਉਥੇ ਹੀ ਖੇਤੀ ਬਾਰੇ ਕਾਲੇ ਕਾਨੂੰਨਾਂ ਦੇ ਬਣਨ ਵੇਲੇ ਕੇਂਦਰ ਸਰਕਾਰ ਦਾ ਸਾਥ ਦੇਕੇ ਕਿਸਾਨਾਂ ਅਤੇ ਪੰਜਾਬ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਦੀਆਂ ਕਾਲੀਆਂ ਕਰਤੂਤਾਂ ਕਾਰਨ ਹੀ ਉਨ੍ਹਾਂ ਨੇ ਪਾਰਟੀ ਵੱਲੋਂ ਐਲਾਨੀ ਗਈ ਟਿਕਟ `ਤੇ ਚੋਣ ਨਾ ਲੜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਜੇਕਰ ਅਕਾਲੀ ਦਲ (ਬਾਦਲ) ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੁੰਦਾ ਤਾਂ ਅੱਜ ਕਿਸਾਨਾਂ ਨੂੰ ਘਰ-ਬਾਰ ਛੱਡ ਕੇ ਕੜਾਕੇ ਦੀ ਇਸ ਠੰਢ ਵਿੱਚ ਪਰਿਵਾਰਾਂ ਸਮੇਤ ਦਿੱਲੀ ਦੀਆਂ ਸਰਹੱਦਾਂ ਤੇ ਦਿਨ ਨਾ ਕੱਟਣੇ ਪੈਂਦੇ। ਉਨ੍ਹਾਂ ਕਿਹਾ ਕਿ ਮੈ ਇੱਕ ਧਾਰਮਿਕ ਵਿਅਕਤੀ ਹਾਂ ਅਤੇ ਮੈ ਪੰਥ ਅਤੇ ਪੰਜਾਬ ਦੇ ਭਲੇ ਲਈ ਕਈਂ ਵਾਰ ਜੇਲ੍ਹਾਂ ਕੱਟ ਚੁੱਕਾ ਹਾਂ। ਉਨ੍ਹਾ ਕਿਹਾ ਕਿ ਮੈਂ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਨਿਤੀਆਂ ਤੋਂ ਅਤਿਅੰਤ ਦੁੱਖੀ ਹੋਕੇ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਸਤੋਂ ਪਹਿਲਾਂ ਮੈ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੇਢਾ ਲਗਾ ਕੇ ਅਕਾਲੀ ਦਲ ਲਈ ਕੰਮ ਕਰਦਾ ਰਿਹਾ ਹਾਂ ਅਤੇ ਇਸ ਦੌਰਾਨ ਧਰਮ ਪ੍ਰਚਾਰ ਅਤੇ ਵਿਰਸਾ ਸੰਭਾਲ ਲਹਿਰ ਦਾ ਕੰਟਰੋਲਰ ਵਜੋਂ ਵੀ ਸੇਵਾ ਕਰਦਾ ਰਿਹਾ ਹਾਂ। ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਇਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰੀਆਦਾ ਭੰਗ ਕਰਕੇ ਆਪਣੀਆਂ ਮੰਨਮਰਜੀਆਂ ਵਰਤ ਕੇ ਸਿੱਖ ਕੌਮ ਅਤੇ ਪੰਥ ਦੀਆਂ ਪ੍ਰੰਪਰਾਵਾਂ ਦਾ ਘਾਣ ਕੀਤਾ ਹੈ।






















