ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਅੱਜ ਤੋਂ ਬਦਲੇਗਾ ਮੌਸਮ
ਮੀਂਹ ਦੇ ਆਸਾਰ, IMD ਨੇ ਜਾਰੀ ਕੀਤਾ ਯੈਲੋ ਅਲਰਟ
ਚੰਡੀਗੜ੍ਹ,17ਮਾਰਚ(ਵਿਸ਼ਵ ਵਾਰਤਾ)-ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਹੋ ਰਿਹਾ ਹੈ। ਹੁਣ ਮੌਸਮ ਵਿਭਾਗ ਨੇ 17 ਤੋਂ 21 ਮਾਰਚ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਜਿੱਥੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ 19 ਅਤੇ 20 ਮਾਰਚ ਨੂੰ ਮੌਸਮ ਵਿਗੜਨ ਵਾਲਾ ਹੈ। ਇਸ ਨਾਲ ਹੀ ਹਰਿਆਣਾ ਦੇ 18 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿੰਨਾਂ ਵਿੱਚ ਅੰਬਾਲਾ, ਪੰਚਕੂਲਾ, ਕਰਨਾਲ, ਯਮੁਨਾਨਗਰ, ਰੇਵਾੜੀ, ਝੱਜਰ, ਗੁਰੂਗ੍ਰਾਮ, ਮਹਿੰਦਰਗੜ੍ਹ, ਫਤਿਹਾਬਾਦ, ਨੂਹ, ਸਿਰਸਾ, ਪਲਵਲ, ਰੋਹਤਕ, ਸੋਨੀਪਤ, ਪਾਣੀਪਤ, ਫਰੀਦਾਬਾਦ, ਹਿਸਾਰ ਅਤੇ ਚਰਖੀ ਦਾਦਰੀ ਜ਼ਿਲ੍ਹੇ ਸ਼ਾਮਿਲ ਹਨ। ਮੌਸਮ ਵਿਭਾਗ ਨੇ ਗਰਜ ਅਤੇ ਬਿਜਲੀ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਕਰੀਬ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ। ਮੌਸਮ ਵਿੱਚ ਸਾਰੇ ਬਦਲਾਅ ਵੈਸਟਰਨ ਡਿਸਟਰਬੈਂਸ ਦੇ ਕਾਰਨ ਹੋਣਗੇ। ਇਸ ਦਾ ਸਰ੍ਹੋਂ ਦੀ ਖਰੀਦ ‘ਤੇ ਅਸਰ ਪੈਣ ਦੀ ਉਮੀਦ ਹੈ ਕਿਉਂਕਿ ਜਿਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕਈ ਸਰ੍ਹੋਂ ਦੀ ਖੇਤੀ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਮੌਸਮ ਵਿੱਚ ਆਈ ਤਬਦੀਲੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਕੁਝ ਦਿਨਾਂ ਤੱਕ ਕਣਕ ਦੀ ਫ਼ਸਲ ਵਿੱਚ ਸਿੰਚਾਈ, ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।