ਪੰਜਾਬ ਸਰਕਾਰ ਵੱਲੋ ਨੌਕਰੀਆਂ ਦਾ ਵੱਡਾ ਐਲਾਨ
ਸੂਬਾ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ
ਚੰਡੀਗੜ੍ਹ ,14 ਜੂਨ (ਵਿਸ਼ਵ ਵਾਰਤਾ): ਸੂਬੇ ਦੇ ਵਿੱਚ ਪਸ਼ੂ ਧਨ ਦੀ ਸਾਂਭ ਸੰਭਾਲ ਦੇ ਖੇਤਰ ਦੇ ਵਿੱਚ ਸੁਧਾਰ ਕਰਨ ਦੇ ਲਈ ਪੰਜਾਬ ਸਰਕਾਰ ਜਲਦ ਹੀ ਸੂਬੇ ਦੇ ਵਿੱਚ 300 ਵੈਟਨਰੀ ਅਫਸਰਾਂ ਦੀ ਭਰਤੀ ਕਰਨ ਜਾ ਰਹੀ ਹੈ। ਪੰਜਾਬ ਦੇ ਪਸ਼ੂ ਪਾਲਣ ਅਤੇ ਡੈਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਹ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਉਨਾਂ ਨੇ ਦੱਸਿਆ ਹੈ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਸੂਬੇ ਦੇ ਵਿੱਚ 326 ਵੈਟਰਨਰੀ ਅਫਸਰਾਂ ਅਤੇ 536 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਵੈਟਰਨਰੀ ਅਫਸਰਾਂ ਦੀਆਂ ਪੋਸਟਾਂ ਨੂੰ ਭਰਨ ਪ੍ਰਕ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਦੇ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦੋ ਲਈ 93 ਕਰੋੜ ਰੁਪਏ ਦੀ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ। ਇਸ ਮੌਕੇ ਉਹਨਾਂ ਪਸ਼ੂਆਂ ਦੀਆਂ ਬਿਮਾਰੀਆਂ ਮੂੰਹ ਖੂਰ ਅਤੇ ਗਲ ਘੋਟੀ ਆਦੀ ਨੂੰ ਰੋਕਣ ਦੇ ਲਈ ਜਾਰੀ ਮੁਹਿੰਮ 30 ਜੂਨ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਰਜੀਵ ਬਾਲੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਦੇ ਤਹਿਤ ਹੁਣ ਤੱਕ 78 ਫੀਸਦ ਵੈਕਸੀਨ ਡੋਜ ਦਿੱਤੀ ਜਾ ਚੁੱਕੀ ਹੈ।