ਸਿਹਤ ਮੰਤਰੀ ਨੇ ਰਾਜ ਵਿੱਚ ਟੈਲੀ ਮੈਡੀਸਨ ਨੂੰ ਉਤਸ਼ਾਹਿਤ ਕਰਨ ਦਾ ਕੀਤਾ ਦਾਅਵਾ
ਮਾਨਸਾ, 8 ਜੁਲਾਈ- ਪੰਜਾਬ ਦੇ ਕਿਰਤ ਅਤੇ ਸਿਹਤ-ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਲਦ ਹੀ ਸਰਕਾਰ ਵੱਲੋਂ 43.18 ਲੱਖ ਲੋਕਾਂ ਲਈ ਮੈਡੀਕਲ ਬੀਮਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਾਰੇ ਨੀਲੇ ਕਾਰਡਧਾਰਕਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਦੇ 311 ਹਸਪਤਾਲਾਂ ਵਿਚ ਇਸ ਸਬੰਧੀ ਮੁਫ਼ਤ ਇਲਾਜ ਕਰਵਾਇਆ ਜਾ ਸਕੇਗਾ।ਸ੍ਰੀ ਸਿੱਧੂ ਨੇ ਕਿਹਾ ਕਿ ਸੂਬੇ ਵਿਚ 2950 ਸਿਹਤ ਕੇਂਦਰ ਖੋਲ੍ਹੇ ਜਾ ਰਹੇ ਹਨ, ਜਿੰਨ੍ਹਾਂ ਵਿਚੋਂ 800 ਸ਼ੁਰੂ ਕਰ ਦਿੱਤੇ ਗਏ ਹਨ। ਉਹ ਮਾਨਸਾ ਨੇੜਲੇ ਪਿੰਡ ਉਭਾ ਵਿਖੇ ਜੈ ਦੁਰਗਾ ਮਾਈਸਰ ਮੰਦਿਰ ਵਿੱਚ 40ਵਾਂ ਸਾਲਾਨਾ ਸੰਮੇਲਨ ਦੌਰਾਨ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਹਰੇਕ ਮੁਹੱਲੇ ਵਿਚ ਖੋਲ੍ਹੇ ਜਾਣ ਵਾਲੇ ਇਨ੍ਹਾਂ ਕੇਂਦਰਾਂ ‘ਚ ਨਰਸ, ਏ.ਐਨ.ਐਮ. ਅਤੇ ਆਸ਼ਾ ਵਰਕਰ ਤਾਇਨਾਤ ਰਹਿਣਗੇ, ਜੋ ਕਿ ਲੋਕਾਂ ਦੀ ਸਿਹਤ ਦਾ ਮੁਆਇਨਾ ਕਰਕੇ ਟੈਲੀ ਮੈਡੀਸਨ ਰਾਹੀਂ ਡਾਕਟਰਾਂ ਨਾਲ ਸੰਪਰਕ ਕਰਨਗੇ ਅਤੇ ਇਲਾਜ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਜਨ ਔਸ਼ਧੀ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ, ਜਿੱਥੇ 250 ਦੇ ਲੱਗਭਗ ਦਵਾਈਆਂ 75 ਫ਼ੀਸਦੀ ਘੱਟ ਰੇਟਾਂ ਉੱਤੇ ਉਪਲਬਧ ਹੋਣਗੀਆਂ।
ਸਰਬੱਤ ਸਿਹਤ ਬੀਮਾ ਯੌਜਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 43.18 ਲੱਖ ਲੋਕਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ 176 ਓਟ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮਾਹਿਰ ਡਾਕਟਰਾਂ ਅਤੇ ਸਰਜਨਾਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮੰਜੂ ਬਾਂਸਲ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਅਰਸ਼ਦੀਪ ਸਿੰਘ ਗਾਗੋਵਾਲ ਨੇ ਵੀ ਸੰਬੋਧਨ ਕੀਤਾ।