-ਮੁੱਖ ਮੰਤਰੀ ਨੇ ਭੋਗ ਮੌਕੇ ਆਪਣਾ ਸ਼ੋਕ ਸੰਦੇਸ਼ ਭੇਜ ਕੇ ਕੀਤਾ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 19 ਅਪ੍ਰੈਲ ( ਵਿਸ਼ਵ ਵਾਰਤਾ )-ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਵਕਤੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨਾਂ ਦੇ ਭੋਗ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਸ਼ੋਕ ਸੰਦੇਸ਼ ਵਿਚ ਲਿਖਿਆ ਗਿਆ ਹੈ ਕਿ ਸਰਕਾਰ ਨੇ ਲੋਹੀਆਂ (ਸ਼ਾਹਕੋਟ), ਜਿਥੇ ਕਿ ਭਾਈ ਸਾਹਿਬ ਦਾ ਪਿੰਡ ਹੈ, ਵਿਖੇ ਬਣ ਰਹੀ ਨਵੀਂ ਉਦਯੋਗਿਕ ਸਿਖਲਾਈ ਸੰਸਥਾ (ਆਈ ਟੀ ਆਈ) ਦਾ ਨਾਮ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਉਨਾਂ ਦੇ ਨਾਮ ਉਤੇ ਰੱਖਣ ਦਾ ਫੈਸਲਾ ਕੀਤਾ ਹੈ। ਅੱਜ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਖਾਲਸਾ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਮੁੱਖ ਮੰਤਰੀ ਪੰਜਾਬ ਦਾ ਸ਼ੋਕ ਸੰਦੇਸ਼ ਲੈ ਕੇ ਪੁੱਜੇ ਐਸ ਡੀ ਐਮ ਅੰਮ੍ਰਿਤਸਰ ਇਕ ਸ੍ਰੀ ਵਿਕਾਸ ਹੀਰਾ ਅਤੇ ਕਾਂਗਰਸ ਦੇ ਜਿਲ•ਾ ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ ਨੇ ਇਹ ਸ਼ੋਕ ਸੰਦੇਸ਼ ਉਨਾਂ ਦੇ ਪਰਿਵਾਰ ਨੂੰ ਦਿੱਤਾ।
ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿਚ ਲਿਖਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਨੇ ਅਨਿਨ ਸੇਵਕ, ਬਚਪਨ ਤੋਂ ਹੀ ਗੁਰਮਿਤ ਸੰਗੀਤ ਨੂੰ ਪ੍ਰਣਾਏ ਅਤੇ ਗੁਰਮਿਤ ਦੇ ਸਾਰੇ ਰਾਗਾਂ ਵਿਚ ਪ੍ਰਪੱਕ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਭਾਈ ਸਾਹਿਬ ਦਾ ਵਿਛੋੜਾ ਉਨਾਂ ਦੇ ਸਕੇ ਸਬੰਧੀਆਂ, ਪੰਜਾਬ ਤੇ ਦੇਸ਼-ਵਿਦੇਸ਼ ਵਸਦੇ ਉਨਾਂ ਦੇ ਹਜ਼ਾਰਾਂ ਪ੍ਰਸੰਸਕਾਂ ਲਈ ਇਕ ਵੱਡਾ ਘਾਟਾ ਹੈ ਅਤੇ ਮੈਂ ਉਨਾਂ ਸਾਰਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਭਾਈ ਸਾਹਿਬ ਜੀ ਦੀ ਆਤਮਿਕ ਸਾਂਤੀ ਵਾਸਤੇ ਅਤੇ ਉਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ।
ਸ਼ੋਕ ਸੰਦੇਸ਼ ਵਿਚ ਲਿਖਿਆ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਲੋਹੀਆਂ (ਸ਼ਾਹਕੋਟ) ਵਿਖੇ ਨਵੀਂ ਬਣਨ ਜਾ ਰਹੀ ਉਦਯੋਗਿਕ ਸਿਖਲਾਈ ਸੰਸਥਾ ਉਨਾਂ ਦੇ ਨਾਉਂ ਉਤੇ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕੈਪਸ਼ਨ
ਭਾਈ ਨਿਰਮਲ ਸਿੰਘ ਖਾਲਸਾ ਦੇ ਸਪੁੱਤਰ ਭਾਈ ਅਮਿਤੇਸ਼ਵਰ ਸਿੰਘ ਨੂੰ ਸ਼ੋਕ ਸੰਦੇਸ਼ ਅਤੇ ਸਿਰੋਪਾਉ ਭੇਟ ਕਰਦੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਅਤੇ ਸ. ਭਗਵੰਤਪਾਲ ਸਿੰਘ ਸੱਚਰ।