ਪੰਜ ਰੋਜ਼ਾ ਸਮਾਗਮ 20-24 ਮਾਰਚ ਤੱਕ ਬਟਾਲਾ ਵਿਖੇ ਕਰਵਾਇਆ ਜਾਵੇਗਾ

ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ 20-24 ਮਾਰਚ 2021 ਤੱਕ 12ਵੀਂ- ਨੈਸ਼ਨਲ ਪਸ਼ੂਧਨ ਚੈਂਪੀਅਨਸਿ਼ਪ ਅਤੇ ਐਕਸਪੋ -2021 ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਸਫਲਤਾ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਣ ਲਈ ਅੱਜ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਮੁੱਖ ਸੱਕਤਰ ਪਸ਼ੂ ਪਾਲਣ ਵਿਭਾਗ ਪੰਜਾਬ ਸ੍ਰੀ ਵੀ.ਕੇ.ਜੰਜੂਆ ਨੇ ਦੱਸਿਆ ਕਿ ਸਮਾਗਮ ਦਾ ਵਿਸ਼ਾ ‘ਪਸ਼ੂ ਪਾਲਣ ਵਿੱਚ ਵਿਭਿੰਨਤਾ’ ਹੋਵੇਗਾ।
ਸ੍ਰੀ ਜੰਜੁਆ ਨੇ ਦੱਸਿਆ ਕਿ ਇਹ ਪੰਜ ਰੋਜ਼ਾ ਸਮਾਗਮ ਸੂਬਾ ਸਰਕਾਰ ਵੱਲੋਂ ਪੰਜਾਬ, ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐਫ.ਆਈ.ਸੀ.ਸੀ.ਆਈ) ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਦਾ ਉਦੇਸ਼ ਪਸ਼ੂਧਨ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਕੇ ਜੀਡੀਪੀ ਵਿਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਕਿਸਾਨਾਂ ਨੂੰ ਸਿਖਲਾਈ ਦੇਣ ਅਤੇ ਵਿਭਿੰਨਤਾ ਰਾਹੀਂ ਆਮਦਨ ਵਧਾਉਣ ਲਈ ਵਧੀਆ ਨਸਲ ਦੀਆਂ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ ਅਤੇ ਮੁਰਗੀ ਪਾਲਣ ਲਈ ਉਤਸ਼ਾਹਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਲਦੀ ਹੀ ਸਮਾਗਮ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਸਾਰੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ।
ਸ਼੍ਰੀ ਜੰਜੂਆ ਨੇ ਅੱਗੇ ਕਿਹਾ ਕਿ ਇਸ ਸਮਾਰੋਹ ਵਿੱਚ 5 ਦੇਸ਼ਾਂ ਤੇ 25 ਸੂਬਿਆਂ ਦੇ ਮਾਹਰ ਅਤੇ ਨੁਮਾਇੰਦੇ ਹਿੱਸਾ ਲੈਣਗੇ।ਇਸ ਤੋਂ ਇਲਾਵਾ ਪਸ਼ੂ ਪਾਲਣ, ਖੇਤੀਬਾੜੀ ਅਤੇ ਖੇਤੀ ਉਦਯੋਗ ਨਾਲ ਸਬੰਧਤ ਯੋਜਨਾਵਾਂ, ਪ੍ਰਾਪਤੀਆਂ, ਉਪਕਰਣਾਂ ਅਤੇ ਨਵੀਨਤਮ ਮਸ਼ੀਨਾਂ ਪ੍ਰਦਰਸ਼ਤ ਕਰਨ ਲਈ 200 ਪ੍ਰਦਰਸ਼ਨੀਆਂ ਸ਼ਾਮਲ ਹਨ। ਉਨਾਂ ਅੱਗੇ ਦੱਸਿਆ ਕਿ ਇਹ ਐਕਸਪੋ 6000 ਵਰਗ ਮੀਟਰ ਖੇਤਰ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਸਮਾਗਮ ਵਿਚ 5 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।
ਮੀਟਿੰਗ ਦੌਰਾਨ ਪਸ਼ੂ ਪਾਲਣ ਦੇ ਡਾਇਰੈਕਟਰ ਸ੍ਰੀ ਐਚ.ਐਸ ਕਾਹਲੋਂ ਨੇ ਸਬੰਧਤ ਵਿਭਾਗਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਦੇ ਨੁਮਾਇੰਦਿਆਂ ਤੋਂ ਇਲਾਵਾ 25 ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।





















