ਪੰਜਾਬ ਸਰਕਾਰ ਨੇ ਨੌਕਰੀਓ ਕੱਢੇ ਐਨਐਚਐਮ ਮੁਲਾਜ਼ਮਾਂ ਨੂੰ ਵਾਪਸ ਜੁਆਇੰਨ ਕਰਵਾਉਣ ਦਾ ਦਿੱਤਾ ਮੌਕਾ

ਮਾਨਸਾ, 11 ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਜਿਹੜੇ ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਮੁਲਾਜ਼ਮਾਂ ਉਪਰ ਵੱਡੀ ਕਾਰਵਾਈ ਕਰਦਿਆਂ ਬੀਤੀ ਕੱਲ੍ਹ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਉਨ੍ਹਾਂ ਮੁਲਾਜ਼ਮਾਂ ਨੂੰ ਅੱਜ ਰਾਸ਼ਟਰੀ ਸਿਹਤ ਮਿਸ਼ਨ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਪੱਤਰ ਲਿਖਕੇ ਹੜਤਾਲੀਆਂ ਨੂੰ ਮੁੜ ਡਿਊਟੀ ’ਤੇ ਹਾਜ਼ਰ ਹੋਣ ਦਾ ਇੱਕ ਨਵਾਂ ਮੌਕਾ ਦਿੱਤਾ ਗਿਆ ਹੈ।
ਡਾਇਰੈਕਟਰ ਵੱਲੋਂ ਜਾਰੀ ਪੱਤਰ ਨੰ: ਐਨਐਚਐਮ/ਪੀਬੀ/21/68147, ਮਿਤੀ 11 ਮਈ 2021 ਰਾਹੀਂ ਸਮੂਹ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਲਿਖਿਆ ਹੈ ਕਿ ਕਈ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਰਮਚਾਰੀ ਹੜਤਾਲ ਖ਼ਤਮ ਕਰਕੇ ਵਾਪਸ ਡਿਊਟੀ ਜੁਆਇੰਨ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਸਬੰਧਤ ਸਿਵਲ ਸਰਜਨ/ਸੀਨੀਅਰ ਮੈਡੀਕਲ ਅਫ਼ਸਰ ਅੱਗੇ ਆਪਣੀਆਂ ਹਾਜ਼ਰ ਹੋਣ ਸਬੰਧੀ ਪੇਸ਼ਕਸ਼ਾਂ ਵੀ ਕੀਤੀਆਂ ਹਨ।
ਪੱਤਰ ਅਨੁਸਾਰ ਕੋਵਿਡ-19 ਦੀ ਮਹਾਂਮਾਰੀ ਨੂੰ ਦੇਖਦੇ ਹੋਏ ਹੜਤਾਲ ਉਤੇ ਗਏ ਕਰਮਚਾਰੀਆਂ ਨੂੰ ਆਖ਼ਰੀ ਮੌਕੇ ਦਿੰਦੇ ਅੱਜ 11 ਮਈ 2021 ਨੂੰ 5:00 ਵਜੇ ਤੱਕ ਹੜਤਾਲ ਖ਼ਤਮ ਕਰਕੇ ਡਿਊਟੀ ’ਤੇ ਜੁਆਇੰਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਤੋਂ ਡਿਊਟੀ ’ਤੇ ਜੁਆਇੰਨ ਕਰਨ ਸਮੇਂ ਸਵੈ-ਘੋਸ਼ਣਾ ਲਈ ਜਾਵੇ ਕਿ ਭਵਿੱਖ ਵਿੱਚ ਇਹ ਕਰਮਚਾਰੀ ਹੜਤਾਲ ’ਤੇ ਨਹੀਂ ਜਾਣਗੇ ਜਾਂ ਹੜਤਾਲ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਵੱਲੋਂ ਭਲਕੇ 12 ਮਈ ਨੂੰ ਹੜਤਾਲ ਵਿੱਚ ਸ਼ਾਮਲ ਹੁੰਦਾ ਤਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣ।























