ਪੰਜਾਬ ਸਰਕਾਰ ਨੇ ਨੌਕਰੀਆਂ ਵਿੱਚ ਰਾਖਵੇਂਕਰਨ ਲਈ ਬਣਾਈ ਸਬ-ਕਮੇਟੀ
ਨਿੱਜੀ ਨੌਕਰੀਆਂ ਵਿੱਚ ਪੰਜਾਬੀਆਂ ਨੂੰ 75 ਫੀਸਦੀ ਕੋਟਾ ਦੇਣ ਦਾ ਪਲਾਨ,5ਮੰਤਰੀਆਂ ਦੀ ਸਬ ਕਮੇਟੀ ਕਰੇਗੀ ਫੈਸਲਾ
ਕੋਰੋਨਾ ਮਹਾਮਾਰੀ ਦੌਰਾਨ ਭਰਤੀ ਕੀਤੇ ਸਿਹਤ ਮਲਾਜ਼ਮਾਂ ਨੂੰ ਨੌਕਰੀ ਤੇ ਰੱਖਿਆ ਜਾਵੇਗਾ ਬਹਾਲ
ਚੰਡੀਗੜ੍ਹ, 16ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਜਿਹਨਾਂ ਵਿੱਚ ਕੈਬਨਿਟ ਵੱਲੋਂ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਵਿੱਚ ਪੰਜਾਬੀਆਂ ਦਾ ਕੋਟਾ ਤੈਅ ਕਰਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਸਾਰੀ ਕਮੇਟੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਬਣਾਈ ਗਈ ਹੈ। ਪੰਜਾਬ ਸਰਕਾਰ ਨੌਕਰੀਆਂ ਦੇ ਕਾਨੂੰਨ ਵਿੱਚ ਬਦਲਾਅ ਕਰੇਗੀ। ਇਹ ਵੀ ਦੇਖਿਆ ਜਾਵੇਗਾ ਕਿ ਕਿਸ ਵਿਭਾਗ ਵਿੱਚ ਕਿੰਨੀਆਂ ਨੌਕਰੀਆਂ ਹਨ। ਪੰਜਾਬੀਆਂ ਲਈ 75 ਫੀਸਦੀ ਕੋਟਾ ਤੈਅ ਕਰਨ ਨੂੰ ਲੈ ਕੇ ਮੰਤਰੀ ਮੰਡਲ ਵਿੱਚ ਮੰਥਨ ਹੋ ਗਿਆ ਹੈ। ਇਸ ਤੋਂ ਇਲਾਵਾ ਨਵਾਂ ਐਡਵੋਕੇਟ ਜਨਰਲ ਲਗਾਉਣ ਤੇ ਵੀ ਚਰਚਾ ਹੋਈ ਹੈ।ਕੈਬਨਿਟ ਨੇ ਆਪਣੀਆਂ ਸ਼ਕਤੀਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੌਂਪ ਦਿੱਤੀਆਂ ਹਨ। ਕੱਲ੍ਹ ਤੱਕ ਨਵੇਂ ਏਜੀ ਦੀ ਨਿਯੁਕਤੀ ਹੋ ਸਕਦੀ ਹੈ। ਪਰਸੋਂ ਯਾਨੀ ਕਿ 18 ਨਵੰਬਰ ਨੂੰ ਹਾਈਕੋਰਟ ਵਿੱਚ ਬਹੁਤ ਹੀ ਚਰਚਿਤ ਡਰੱਗ ਮਾਮਲੇ ਦੀ ਸੁਣਵਾਈ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ 5 ਹਜ਼ਾਰ ਹੋਮਗਾਰਡ ਜਵਾਨਾਂ ਦੀ ਭਰਤੀ ਕਰੇਗੀ। ਕੋਰੋਨਾ ਮਹਾਮਾਰੀ ਦੌਰਾਨ ਭਰਤੀ ਹੋਏ ਸਿਹਤ ਕਰਮਚਾਰੀਆਂ ਨੂੰ ਨੌਕਰੀ ਤੇ ਬਹਾਲ ਰੱਖਿਆ ਜਾਵੇਗਾ ਅਤੇ ਸੀਨੀਆਰਤਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਰੱਖਿਆ ਜਾਵੇਗਾ ਅਤੇ ਪੱਕਾ ਕੀਤਾ ਜਾਵੇਗਾ। ਇਹ ਕੰਮ ਹੁਣ ਸੇਵਾ ਚੋਣ ਬੋਰਡ ਤੋਂ ਵਾਪਸ ਲੈ ਕੇ ਸਿਹਤ ਵਿਭਾਗ ਨੂੰ ਨੀਤੀ ਬਣਾਉਣ ਲਈ ਦਿੱਤਾ ਗਿਆ ਹੈ।























