ਮੈਰਿਜ ਪੈਲੇਸਾਂ ‘ਚ ਸ਼ਰਾਬ ਪੀ ਕੇ ਬਾਹਰ ਨਿਕਲੇ ਤਾਂ ਚਲਾਨ ਕੱਟੇਗੀ ਪੁਲਿਸ!
ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਹੁਣ ਵਿਆਹ-ਸ਼ਾਦੀਆਂ ‘ਤੇ ਜਾਣ ਵਾਲੇ ਉਨ੍ਹਾਂ ਲੋਕਾਂ ਦਾ ਵੀ ਭਲਾ ਨਹੀਂ, ਜੋ ਮੁਫਤ ਦੀ ਸ਼ਰਾਬ ਦੇਖ ਕੇ ਜ਼ਿਆਦਾ ਪੀਂਦੇ ਹਨ ਅਤੇ ਬਾਅਦ ‘ਚ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ ‘ਤੇ ਜ਼ੋਰ ਦਿੰਦੇ ਹਨ। ਪੰਜਾਬ ਸਰਕਾਰ ਨੇ ਵੱਧ ਰਹੀ ਧੁੰਦ ਦੌਰਾਨ ਡਰੰਕ ਐਂਡ ਡਰਾਈਵ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਇਹਨਾਂ ਹੁਕਮਾਂ ਅਨੁਸਾਰ ਹਰ ਜ਼ਿਲ੍ਹੇ ਦੀ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸ ਵਿੱਚ ਹੋਣ ਵਾਲੇ ਵਿਆਹਾਂ ਦੌਰਾਨ ਬਾਹਰ ਪੁਲਿਸ ਤਾਇਨਾਤ ਰਹੇਗੀ,ਇਸ ਦੌਰਾਨ ਪੁਲਿਸ ਵੱਲੋਂ ਐਲਕੋਮੀਟਰ ਨਾਲ ਸ਼ਰਾਬੀਆਂ ਦੀ ਚੈਕਿੰਗ ਕਰਨ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਦਾ ਚਲਾਨ ਕੱਟਿਆ ਜਾਵੇ। ਇਸ ਸੰਬੰਧ ਵਿੱਚ ਗ੍ਰਹਿ ਵਿਭਾਗ ਨੇ ਡੀਜੀਪੀ ਪੁਲਿਸ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ।